1ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ।
2ਉਸ ਨੇ ਆਖਿਆ, “ਯਾਹਵੇਹ ਸੀਨਾਈ ਤੋਂ ਆਇਆ ਅਤੇ ਸੇਈਰ ਤੋਂ ਉਹਨਾਂ ਦੇ ਉੱਤੇ ਪਰਗਟ ਹੋਇਆ, ਉਹ ਪਾਰਾਨ ਪਰਬਤ ਤੋਂ ਚਮਕਿਆ। ਉਹ ਦੱਖਣ ਤੋਂ, ਆਪਣੇ ਪਹਾੜੀ ਢਾਲ਼ ਤੋਂ ਅਣਗਿਣਤ ਸੰਤਾਂ ਦੇ ਨਾਲ ਆਇਆ।
3ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ, ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ। ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ, ਅਤੇ ਤੈਥੋਂ ਸਿੱਖਿਆ ਮਿਲਦੀ ਹੈ,
4ਉਹ ਬਿਵਸਥਾ ਜਿਹੜੀ ਮੋਸ਼ੇਹ ਨੇ ਸਾਨੂੰ ਦਿੱਤੀ, ਯਾਕੋਬ ਦੀ ਸਭਾ ਦੀ ਵਿਰਾਸਤ ਹੈ।