3ਜਦੋਂ ਮੋਸ਼ੇਹ ਨੇ ਜਾ ਕੇ ਲੋਕਾਂ ਨੂੰ ਯਾਹਵੇਹ ਦੇ ਸਾਰੇ ਬਚਨ ਅਤੇ ਕਾਨੂੰਨ ਦੱਸੇ, ਤਾਂ ਉਹਨਾਂ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ, “ਜੋ ਕੁਝ ਯਾਹਵੇਹ ਨੇ ਕਿਹਾ ਹੈ ਅਸੀਂ ਉਹੀ ਕਰਾਂਗੇ।”
4ਮੋਸ਼ੇਹ ਨੇ ਫਿਰ ਉਹ ਸਭ ਕੁਝ ਲਿਖ ਦਿੱਤਾ ਜੋ ਯਾਹਵੇਹ ਨੇ ਕਿਹਾ ਸੀ। ਅਗਲੀ ਸਵੇਰ ਉਹ ਉੱਠਿਆ ਅਤੇ ਪਹਾੜ ਦੇ ਪੈਰਾਂ ਵਿੱਚ ਇੱਕ ਜਗਵੇਦੀ ਬਣਾਈ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਨੂੰ ਦਰਸਾਉਣ ਵਾਲੇ ਬਾਰਾਂ ਪੱਥਰਾਂ ਦੇ ਥੰਮ੍ਹਾਂ ਨੂੰ ਸਥਾਪਿਤ ਕੀਤਾ।
5ਫਿਰ ਉਸ ਨੇ ਨੌਜਵਾਨ ਇਸਰਾਏਲੀ ਆਦਮੀਆਂ ਨੂੰ ਭੇਜਿਆ, ਅਤੇ ਉਹਨਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਜਵਾਨ ਬਲਦਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਇਆ।
6ਮੋਸ਼ੇਹ ਨੇ ਅੱਧਾ ਲਹੂ ਲੈ ਕੇ ਕਟੋਰਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਅੱਧਾ ਉਸ ਨੇ ਜਗਵੇਦੀ ਉੱਤੇ ਛਿੜਕਿਆ।
7ਫਿਰ ਉਸਨੇ ਨੇਮ ਦੀ ਪੋਥੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਉਹਨਾਂ ਨੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ, ਅਸੀਂ ਮੰਨਾਂਗੇ।”