10ਫਿਰ ਯਾਹਵੇਹ ਨੇ ਕਿਹਾ, “ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹਦਾ ਹਾਂ। ਮੈਂ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਉਹ ਅਚੰਭੇ ਕਰਾਂਗਾ ਜੋ ਦੁਨੀਆਂ ਦੀ ਕਿਸੇ ਕੌਮ ਵਿੱਚ ਪਹਿਲਾਂ ਕਦੇ ਨਹੀਂ ਹੋਏ। ਜਿਨ੍ਹਾਂ ਲੋਕਾਂ ਵਿੱਚ ਤੂੰ ਰਹਿੰਦਾ ਹੈ ਉਹ ਦੇਖਣਗੇ ਕਿ ਉਹ ਕੰਮ ਕਿੰਨੇ ਹੀ ਸ਼ਾਨਦਾਰ ਹਨ ਜੋ ਮੈਂ, ਯਾਹਵੇਹ, ਤੁਹਾਡੇ ਲਈ ਕਰਾਂਗਾ।
11ਅੱਜ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉਸ ਦੀ ਪਾਲਣਾ ਕਰੋ। ਮੈਂ ਤੁਹਾਡੇ ਅੱਗੇ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦਿਆਂਗਾ।
12ਸਾਵਧਾਨ ਰਹੋ! ਤੁਸੀਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨਾਲ ਨੇਮ ਨਾ ਬੰਨਣਾ ਜਿੱਥੇ ਤੁਸੀਂ ਜਾ ਰਹੇ ਹੋ, ਨਹੀਂ ਤਾਂ ਉਹ ਤੁਹਾਡੇ ਲਈ ਫੰਦਾ ਬਣ ਜਾਣਗੇ।
13ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਤੋੜ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ।
14ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰੋ ਕਿਉਂਕਿ ਯਾਹਵੇਹ, ਜਿਸਦਾ ਨਾਮ ਅਣਖ ਹੈ, ਇੱਕ ਅਣਖ ਵਾਲਾ ਪਰਮੇਸ਼ਵਰ ਹੈ।