2ਤਦ ਮੋਸ਼ੇਹ ਨੇ ਬਸਲਏਲ ਅਤੇ ਆਹਾਲੀਆਬ ਅਤੇ ਹਰ ਉਸ ਹੁਨਰਮੰਦ ਵਿਅਕਤੀ ਨੂੰ ਬੁਲਾਇਆ ਜਿਸ ਨੂੰ ਯਾਹਵੇਹ ਨੇ ਯੋਗਤਾ ਦਿੱਤੀ ਸੀ ਅਤੇ ਜੋ ਕੰਮ ਕਰਨ ਲਈ ਤਿਆਰ ਸੀ।
3ਉਹਨਾਂ ਨੇ ਮੋਸ਼ੇਹ ਤੋਂ ਉਹ ਸਾਰੀਆਂ ਭੇਟਾਂ ਪ੍ਰਾਪਤ ਕੀਤੀਆਂ ਜੋ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਕਰਨ ਲਈ ਲਿਆਂਦੀਆਂ ਸਨ ਅਤੇ ਲੋਕ ਸਵੇਰੇ-ਸਵੇਰੇ ਖੁਸ਼ੀ-ਖੁਸ਼ੀ ਭੇਟਾਂ ਲੈ ਕੇ ਆਉਂਦੇ ਰਹੇ।
4ਤਾਂ ਸਾਰੇ ਹੁਨਰਮੰਦ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ-ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਹਨ ਆਏ।
5ਅਤੇ ਮੋਸ਼ੇਹ ਨੂੰ ਕਿਹਾ, “ਲੋਕ ਉਸ ਕੰਮ ਨੂੰ ਪੂਰਾ ਕਰਨ ਲਈ ਲੋੜ ਤੋਂ ਵੱਧ ਲਿਆ ਰਹੇ ਹਨ ਜਿਸਦਾ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ।”
6ਫਿਰ ਮੋਸ਼ੇਹ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਸਾਰੇ ਡੇਰੇ ਵਿੱਚ ਇਹ ਸੰਦੇਸ਼ ਭੇਜਿਆ ਕਿ ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਅਸਥਾਨ ਲਈ ਭੇਟ ਵਜੋਂ ਹੋਰ ਕੁਝ ਨਾ ਚੜ੍ਹਾਵੇ ਅਤੇ ਇਸ ਲਈ ਲੋਕਾਂ ਨੂੰ ਹੋਰ ਲਿਆਉਣ ਤੋਂ ਰੋਕਿਆ ਗਿਆ ਸੀ।