16“ਇਸ ਲਈ ਤੂੰ ਆਖ: ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸ਼ਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ।’
17“ਇਸ ਲਈ ਤੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੁਹਾਨੂੰ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਉਹਨਾਂ ਦੇਸ਼ਾਂ ਵਿੱਚੋਂ ਵਾਪਸ ਲਿਆਵਾਂਗਾ ਜਿੱਥੇ ਤੁਸੀਂ ਖਿੱਲਰ ਗਏ ਹੋ, ਅਤੇ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇ ਦਿਆਂਗਾ।’
18“ਉਹ ਉਸ ਕੋਲ ਵਾਪਸ ਆਉਣਗੇ ਅਤੇ ਇਸ ਦੀਆਂ ਸਾਰੀਆਂ ਘਟੀਆ ਮੂਰਤੀਆਂ ਅਤੇ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦੇਣਗੇ।
19ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ।
20ਫਿਰ ਉਹ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।