14ਇਸ ਲਈ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਿਪਾਈ ਕੀਤੀ ਸੀ, ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੱਕ ਕਿ ਉਹ ਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।
15ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ। ਤਦ ਮੈਂ ਤੁਹਾਨੂੰ ਆਖਾਂਗਾ, “ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ,
16ਇਸਰਾਏਲ ਦੇ ਉਹ ਨਬੀਆਂ ਜਿਨ੍ਹਾਂ ਨੇ ਯੇਰੂਸ਼ਲੇਮ ਲਈ ਭਵਿੱਖਬਾਣੀ ਕੀਤੀ ਅਤੇ ਉਸ ਲਈ ਸ਼ਾਂਤੀ ਦੇ ਦਰਸ਼ਨ ਦੇਖੇ ਜਦੋਂ ਉੱਥੇ ਸ਼ਾਂਤੀ ਨਹੀਂ ਸੀ, ਯਾਹਵੇਹ ਦਾ ਵਾਕ ਹੈ।” ’
17“ਹੁਣ, ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਭਵਿੱਖਬਾਣੀ ਕਰਦੀਆਂ ਹਨ, ਮੂੰਹ ਮੋੜ ਅਤੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ।
18ਅਤੇ ਆਖ ਕਿ ਪ੍ਰਭੂ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਉੱਤੇ ਅਫ਼ਸੋਸ! ਜੋ ਆਪਣਿਆਂ ਡੋਲਿਆਂ ਉੱਤੇ ਜਾਦੂ ਦੇ ਤਾਬੀਜ਼ ਬੰਨ੍ਹਦੀਆਂ ਹਨ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ, ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰ ਸਕਣ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ? ਅਤੇ ਆਪਣੀ ਜਾਨ ਬਚਾਓਗੀਆਂ?