16“ ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਬਾਬੇਲ ਵਿੱਚ ਮਰ ਜਾਵੇਗਾ, ਉਸ ਰਾਜੇ ਦੇ ਦੇਸ਼ ਵਿੱਚ ਜਿਸ ਨੇ ਉਸ ਨੂੰ ਸਿੰਘਾਸਣ ਉੱਤੇ ਬਿਠਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝਿਆ ਅਤੇ ਜਿਸ ਨੇਮ ਨੂੰ ਉਸ ਨੇ ਤੋੜਿਆ।
17ਨਾ ਫ਼ਿਰਾਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੇਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ।
18ਉਸ ਨੇ ਨੇਮ ਤੋੜ ਕੇ ਸਹੁੰ ਨੂੰ ਤੁੱਛ ਸਮਝਿਆ ਕਿਉਂਕਿ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।
19“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਿਵੇਂ ਮੈਂ ਜਿਉਂਦਾ ਹਾਂ, ਉਹ ਮੇਰੀ ਹੀ ਸਹੁੰ ਹੈ ਜਿਸ ਨੂੰ ਉਸ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ।
20ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ, ਅਤੇ ਉਹ ਮੇਰੇ ਜਾਲ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਬਾਬੇਲ ਵਿੱਚ ਲਿਆਵਾਂਗਾ ਅਤੇ ਉੱਥੇ ਉਸ ਨੂੰ ਸਜ਼ਾ ਦੇਵਾਂਗਾ ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸੀ।