37ਜਦੋਂ ਤੁਸੀਂ ਮੇਰੇ ਡੰਡੇ ਦੇ ਹੇਠੋਂ ਲੰਘੋਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਂਗਾ ਅਤੇ ਮੈਂ ਤੁਹਾਨੂੰ ਨੇਮ ਦੇ ਬੰਧਨ ਵਿੱਚ ਲਿਆਵਾਂਗਾ।
38ਮੈਂ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਦਿਆਂਗਾ ਜਿਹੜੇ ਮੇਰੇ ਵਿਰੁੱਧ ਬਗਾਵਤ ਕਰਦੇ ਹਨ। ਭਾਵੇਂ ਮੈਂ ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਲਿਆਵਾਂਗਾ ਜਿੱਥੇ ਉਹ ਰਹਿ ਰਹੇ ਹਨ, ਪਰ ਉਹ ਇਸਰਾਏਲ ਦੀ ਧਰਤੀ ਵਿੱਚ ਨਹੀਂ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।
39“ ‘ਜਿੱਥੋਂ ਤੱਕ ਤੁਹਾਡੇ ਲਈ, ਹੇ ਇਸਰਾਏਲ ਦੇ ਲੋਕੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਹਾਡੇ ਵਿੱਚੋਂ ਹਰ ਇੱਕ ਜਾ ਕੇ ਆਪਣੀਆਂ ਮੂਰਤੀਆਂ ਦੀ ਪੂਜਾ ਕਰੋ! ਪਰ ਇਸ ਤੋਂ ਬਾਅਦ ਤੁਸੀਂ ਮੇਰੀ ਗੱਲ ਜ਼ਰੂਰ ਸੁਣੋਂਗੇ ਅਤੇ ਆਪਣੇ ਤੋਹਫ਼ਿਆਂ ਅਤੇ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰੋਗੇ।
40ਕਿਉਂਕਿ ਮੇਰੇ ਪਵਿੱਤਰ ਪਰਬਤ ਉੱਤੇ, ਇਸਰਾਏਲ ਦੇ ਉੱਚੇ ਪਰਬਤ ਉੱਤੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉੱਥੇ ਦੇਸ ਵਿੱਚ ਇਸਰਾਏਲ ਦੇ ਸਾਰੇ ਲੋਕ ਮੇਰੀ ਉਪਾਸਨਾ ਕਰਨਗੇ, ਅਤੇ ਉੱਥੇ ਮੈਂ ਉਹਨਾਂ ਨੂੰ ਸਵੀਕਾਰ ਕਰਾਂਗਾ। ਉੱਥੇ ਮੈਂ ਤੁਹਾਡੀਆਂ ਸਾਰੀਆਂ ਪਵਿੱਤਰ ਬਲੀਆਂ ਸਮੇਤ ਤੁਹਾਡੀਆਂ ਭੇਟਾਂ ਅਤੇ ਤੁਹਾਡੇ ਚੁਣੇ ਹੋਏ ਉੱਤਮ ਉਪਹਾਰਾ ਦੀ ਮੰਗ ਕਰਾਂਗਾ।
41ਮੈਂ ਤੁਹਾਨੂੰ ਸੁਗੰਧਿਤ ਧੂਪ ਵਾਂਗ ਕਬੂਲ ਕਰਾਂਗਾ ਜਦੋਂ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਕੇ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ ਤੁਹਾਨੂੰ ਇਕੱਠਾ ਕਰਾਂਗਾ, ਅਤੇ ਮੈਂ ਤੁਹਾਡੇ ਰਾਹੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਵਿੱਤਰ ਸਾਬਤ ਹੋਵਾਂਗਾ।