14ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ। ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸ਼ੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ।
15“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਇਹ ਮੁਰਦਿਆਂ ਦੇ ਰਾਜ ਪਤਾਲ ਵਿੱਚ ਉੱਤਰਨਗੇ, ਮੈਂ ਉਸ ਦੇ ਲਈ ਡੂੰਘਿਆਈ ਨੂੰ ਲੁਕਾ ਦਿਆਂਗਾ ਅਤੇ ਉਹ ਦੀਆਂ ਨਹਿਰਾਂ ਨੂੰ ਰੋਕ ਦਿਆਂਗਾ ਅਤੇ ਬਹੁਤੇ ਪਾਣੀ ਰੁਕ ਜਾਣਗੇ, ਹਾਂ, ਮੈਂ ਲਬਾਨੋਨ ਤੋਂ ਉਹ ਦੇ ਲਈ ਵਿਰਲਾਪ ਕਰਾਵਾਂਗਾ ਅਤੇ ਉਹ ਦੇ ਲਈ ਖੇਤ ਦੇ ਸਾਰੇ ਰੁੱਖ ਗ਼ਸ਼ੀਆਂ ਖਾਣਗੇ।
16ਜਿਸ ਵੇਲੇ ਮੈਂ ਉਹ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਕਬਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲ਼ੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ।
17ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਲੋਕਾਂ ਨਾਲ ਮੁਰਦਿਆਂ ਦੇ ਰਾਜ ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵੱਸਦੇ ਸਨ।
18“ ‘ਤੂੰ ਮਹਿਮਾ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਸ ਦੇ ਵਰਗਾ ਹੈ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਸੁੱਟਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਅਸੁੰਨਤੀਆਂ ਵਿੱਚ ਪਿਆ ਰਹੇਂਗਾ। “ ‘ਇਹ ਫ਼ਿਰਾਊਨ ਅਤੇ ਉਸਦੀ ਸਾਰੀ ਭੀੜ ਹੈ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।’ ”