23ਅਤੇ ਕੌਮਾਂ ਜਾਣ ਲੈਣਗੀਆਂ ਕਿ ਇਸਰਾਏਲ ਦੇ ਲੋਕ ਆਪਣੇ ਪਾਪ ਦੇ ਕਾਰਨ ਗ਼ੁਲਾਮੀ ਵਿੱਚ ਗਏ ਸਨ, ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸਨ। ਇਸ ਲਈ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ।
24ਮੈਂ ਉਹਨਾਂ ਨਾਲ ਉਹਨਾਂ ਦੀ ਅਸ਼ੁੱਧਤਾ ਅਤੇ ਉਹਨਾਂ ਦੇ ਅਪਰਾਧਾਂ ਦੇ ਅਨੁਸਾਰ ਪੇਸ਼ ਆਇਆ, ਅਤੇ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾਇਆ।
25“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਹੁਣ ਯਾਕੋਬ ਨੂੰ ਗੁਲਾਮੀ ਤੋਂ ਬਹਾਲ ਕਰਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ।
26ਉਹ ਆਪਣੀ ਸ਼ਰਮ ਅਤੇ ਉਹ ਸਾਰੀ ਬੇਵਫ਼ਾਈ ਭੁੱਲ ਜਾਣਗੇ ਜੋ ਉਹਨਾਂ ਨੇ ਮੇਰੇ ਨਾਲ ਦਿਖਾਈ ਸੀ ਜਦੋਂ ਉਹ ਆਪਣੇ ਦੇਸ਼ ਵਿੱਚ ਸੁਰੱਖਿਆ ਨਾਲ ਰਹਿੰਦੇ ਸਨ ਅਤੇ ਉਹਨਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਸੀ।
27ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਮੋੜ ਲਿਆਵਾਂਗਾ ਉਹਨਾਂ ਨੂੰ ਵੈਰੀਆਂ ਦੇ ਦੇਸ਼ਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ।