11ਪਰਬਾਂ ਅਤੇ ਠਹਿਰਾਏ ਹੋਏ ਤਿਉਹਾਰਾਂ ਵਿੱਚ, ਅਨਾਜ ਦੀ ਭੇਟ ਬਲਦ ਦੇ ਨਾਲ ਇੱਕ ਏਫਾਹ, ਇੱਕ ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਚਾਹੇ, ਅਤੇ ਹਰ ਏਫਾਹ ਲਈ ਇੱਕ ਹੀਨ ਤੇਲ ਹੋਵੇ।
12“ ‘ਜਦੋਂ ਰਾਜਕੁਮਾਰ ਯਾਹਵੇਹ ਨੂੰ ਆਪਣੀ ਮਰਜ਼ੀ ਨਾਲ ਭੇਟ ਕਰਦਾ ਹੈ—ਭਾਵੇਂ ਹੋਮ ਦੀ ਭੇਟ ਹੋਵੇ ਜਾਂ ਸੰਗਤ ਦੀ ਭੇਟ—ਉਸ ਲਈ ਪੂਰਬ ਵੱਲ ਮੂੰਹ ਵਾਲਾ ਫਾਟਕ ਖੋਲ੍ਹਿਆ ਜਾਣਾ ਚਾਹੀਦਾ ਹੈ। ਉਸਨੂੰ ਆਪਣੀ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਤਦ ਉਹ ਬਾਹਰ ਚਲਾ ਜਾਵੇਗਾ ਅਤੇ ਬਾਹਰ ਜਾਣ ਤੋਂ ਬਾਅਦ, ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
13“ ‘ਯਾਹਵੇਹ ਨੂੰ ਹੋਮ ਦੀ ਭੇਟ ਲਈ ਹਰ ਰੋਜ਼ ਇੱਕ ਸਾਲ ਦਾ ਲੇਲਾ, ਬਿਨਾਂ ਕਿਸੇ ਨੁਕਸ ਦੇ ਦੇਣਾ। ਸਵੇਰੇ-ਸਵੇਰੇ ਤੁਸੀਂ ਇਸਨੂੰ ਪ੍ਰਦਾਨ ਕਰੋ।
14ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ।
15ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।