5ਤਦ ਸਾਰਈ ਨੇ ਅਬਰਾਮ ਨੂੰ ਕਿਹਾ, “ਮੈਂ ਜੋ ਦੁੱਖ ਭੋਗ ਰਹੀ ਹਾਂ ਉਸ ਲਈ ਤੂੰ ਜ਼ਿੰਮੇਵਾਰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਹੁਣ ਜਦੋਂ ਉਹ ਜਾਣਦੀ ਹੈ ਕਿ ਉਹ ਗਰਭਵਤੀ ਹੈ, ਉਹ ਮੈਨੂੰ ਤੁੱਛ ਜਾਣਦੀ ਹੈ। ਯਾਹਵੇਹ ਤੇਰਾ ਅਤੇ ਮੇਰਾ ਨਿਆਂ ਕਰੇ।”
6ਅਬਰਾਮ ਨੇ ਕਿਹਾ, “ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।” ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।
7ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ।
8ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ? ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”
9ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, “ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।”