1“ਤੁਰ੍ਹੀ ਨੂੰ ਆਪਣੇ ਬੁੱਲ੍ਹਾਂ ਉੱਤੇ ਰੱਖੋ! ਯਾਹਵੇਹ ਦੇ ਘਰ ਉੱਤੇ ਇੱਕ ਬਾਜ਼ ਹੈ, ਕਿਉਂਕਿ ਲੋਕਾਂ ਨੇ ਮੇਰੇ ਨੇਮ ਨੂੰ ਤੋੜਿਆ ਹੈ, ਅਤੇ ਮੇਰੀ ਬਿਵਸਥਾ ਦੇ ਵਿਰੁੱਧ ਬਾਗ਼ੀ ਹੋ ਗਏ ਹਨ।
2ਇਸਰਾਏਲ ਮੈਨੂੰ ਪੁਕਾਰਦਾ ਹੈ, ‘ਹੇ ਸਾਡੇ ਪਰਮੇਸ਼ਵਰ, ਅਸੀਂ ਤੈਨੂੰ ਮੰਨਦੇ ਹਾਂ!’
3ਪਰ ਇਸਰਾਏਲ ਨੇ ਚੰਗੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਦੁਸ਼ਮਣ ਉਸਦਾ ਪਿੱਛਾ ਕਰੇਗਾ।
4ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ। ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ। ਉਹ ਆਪਣੇ ਚਾਂਦੀ ਅਤੇ ਸੋਨੇ ਨਾਲ ਆਪਣੀ ਤਬਾਹੀ ਲਈ ਮੂਰਤੀਆਂ ਬਣਾਉਂਦੇ ਹਨ।
5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?