10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਰਾਜ ਜਿਸ ਦੀਆਂ ਮੂਰਤੀਆਂ ਯੇਰੂਸ਼ਲੇਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਉੱਤਮ ਸਨ,
11ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ, ਕੀ ਉਸੇ ਤਰ੍ਹਾਂ ਹੀ ਮੈਂ ਯੇਰੂਸ਼ਲੇਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?’ ”
12ਜਦੋਂ ਯਾਹਵੇਹ ਸੀਯੋਨ ਪਰਬਤ ਅਤੇ ਯੇਰੂਸ਼ਲੇਮ ਦੇ ਵਿਰੁੱਧ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ ਆਖੇਗਾ, “ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।
13ਕਿਉਂ ਜੋ ਉਹ ਆਖਦਾ ਹੈ, “ ‘ਮੈਂ ਇਹ ਆਪਣੇ ਹੱਥ ਦੇ ਬਲ ਨਾਲ ਕੀਤਾ, ਅਤੇ ਆਪਣੀ ਬੁੱਧੀ ਨਾਲ, ਕਿਉਂਕਿ ਮੇਰੇ ਕੋਲ ਸਮਝ ਹੈ। ਮੈਂ ਕੌਮਾਂ ਦੀਆਂ ਹੱਦਾਂ ਮਿਟਾ ਦਿੱਤੀਆਂ, ਮੈਂ ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਏ। ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ।
14ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ, ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ। ਜਿਵੇਂ ਲੋਕ ਛੱਡੇ ਹੋਏ ਆਂਡੇ ਸਮੇਟਦੇ ਹਨ, ਇਸੇ ਤਰ੍ਹਾਂ ਮੈਂ ਸਾਰੇ ਦੇਸ਼ਾਂ ਨੂੰ ਸਮੇਟ ਲਿਆ; ਕਿਸੇ ਨੇ ਖੰਭ ਨਹੀਂ ਫੜ੍ਹਿਆ, ਨਾ ਚੀ-ਚੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ ਹੈ।’ ”