12ਜਿਸ ਨੂੰ ਉਸ ਨੇ ਕਿਹਾ, “ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ” ਅਤੇ, “ਇਹ ਅਰਾਮ ਦਾ ਸਥਾਨ ਹੈ” ਪਰ ਉਨ੍ਹਾਂ ਨੇ ਨਹੀਂ ਸੁਣਿਆ।
13ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ: ਇਹ ਕਰੋ, ਉਹ ਕਰੋ, ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ; ਥੋੜਾ ਇੱਧਰ, ਥੋੜਾ ਉਧਰ, ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ। ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।
14ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।
15ਤੁਸੀਂ ਸ਼ੇਖੀ ਮਾਰਦੇ ਹੋ, “ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ, ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ। ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ, ਉਹ ਸਾਨੂੰ ਛੂਹ ਨਹੀਂ ਸਕਦੀ, ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ ਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।”
16ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ, “ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ। ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ; ਜਿਹੜਾ ਇਸ ਤੇ ਭਰੋਸਾ ਕਰਦਾ ਹੈ ਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।