2“ਕਿਸ ਨੇ ਪੂਰਬ ਤੋਂ ਇੱਕ ਨੂੰ ਭੜਕਾਇਆ ਹੈ, ਉਹ ਨੂੰ ਧਰਮ ਵਿੱਚ ਉਸਦੀ ਸੇਵਾ ਲਈ ਬੁਲਾਇਆ ਹੈ? ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰਦਾ ਹੈ ਤਾਂ ਉਹ ਰਾਜਿਆਂ ਨੂੰ ਆਪਣੇ ਅਧੀਨ ਕਰੇ, ਉਹ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਮਿੱਟੀ ਵਿੱਚ ਬਦਲ ਦਿੰਦਾ ਹੈ, ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।
3ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ, ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।
4ਇਹ ਕਿਸ ਨੇ ਕੀਤਾ ਅਤੇ ਕਿਸ ਨੇ ਇਸ ਨੂੰ ਪੂਰਾ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ? ਮੈਂ, ਯਾਹਵੇਹ ਹੀ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ।”
5ਟਾਪੂਆਂ ਨੇ ਇਸ ਨੂੰ ਦੇਖਿਆ ਅਤੇ ਡਰ ਗਏ। ਧਰਤੀ ਦੇ ਸਿਰੇ ਕੰਬਦੇ ਹਨ, ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।
6ਉਹ ਇੱਕ-ਦੂਜੇ ਦੀ ਮਦਦ ਕਰਦੇ ਹਨ ਅਤੇ ਆਪਣੇ ਸਾਥੀਆਂ ਨੂੰ ਕਹਿੰਦੇ ਹਨ, “ਤਕੜੇ ਹੋਵੋ!”