12ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ। ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ; ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।
13ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ, ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ। ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ ਅਤੇ ਮੇਰੇ ਗ਼ੁਲਾਮਾਂ ਨੂੰ ਅਜ਼ਾਦ ਕਰੇਗਾ, ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”
14ਯਾਹਵੇਹ ਇਹ ਆਖਦਾ ਹੈ: “ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ਵਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ਵਰ ਨਹੀਂ।”
15ਸੱਚਮੁੱਚ ਤੂੰ ਹੀ ਇੱਕ ਪਰਮੇਸ਼ਵਰ ਹੈ ਜਿਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ, ਇਸਰਾਏਲ ਦਾ ਪਰਮੇਸ਼ਵਰ ਅਤੇ ਮੁਕਤੀਦਾਤਾ।
16ਮੂਰਤੀਆਂ ਬਣਾਉਣ ਵਾਲੇ ਸਾਰੇ ਲੋਕ ਸ਼ਰਮਸਾਰ ਅਤੇ ਬੇਇੱਜ਼ਤ ਹੋਣਗੇ। ਉਹ ਇਕੱਠੇ ਬਦਨਾਮੀ ਵਿੱਚ ਚਲੇ ਜਾਣਗੇ।