1“ਹੇ ਯਾਕੋਬ ਦੀ ਸੰਤਾਨ, ਇਹ ਸੁਣੋ, ਤੁਸੀਂ ਜਿਹੜੇ ਇਸਰਾਏਲ ਦੇ ਨਾਮ ਨਾਲ ਸੱਦੇ ਜਾਂਦੇ ਹੋ ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਆਏ ਹੋ, ਜਿਹੜੇ ਯਾਹਵੇਹ ਦੇ ਨਾਮ ਦੀ ਸਹੁੰ ਖਾਂਦੇ ਅਤੇ ਇਸਰਾਏਲ ਦੇ ਪਰਮੇਸ਼ਵਰ ਦਾ ਵਰਣਨ ਕਰਦੇ ਹੋ ਪਰ ਸੱਚਾਈ ਜਾਂ ਧਾਰਮਿਕਤਾ ਵਿੱਚ ਨਹੀਂ,
2ਉਹ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਨਾਗਰਿਕ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ ਦਾ ਦਾਅਵਾ ਕਰਦੇ ਹਨ, ਜਿਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।
3ਮੈਂ ਪਹਿਲਾਂ ਦੀਆਂ ਗੱਲਾਂ ਨੂੰ ਬਹੁਤ ਪਹਿਲੇ ਸਮੇਂ ਹੀ ਦੱਸ ਦਿੱਤਾ ਸੀ, ਮੇਰੇ ਮੂੰਹ ਨੇ ਉਨ੍ਹਾਂ ਦਾ ਐਲਾਨ ਕੀਤਾ ਅਤੇ ਮੈਂ ਉਨ੍ਹਾਂ ਨੂੰ ਪ੍ਰਗਟ ਕੀਤਾ; ਤਦ ਅਚਾਨਕ ਮੈਂ ਉਹਨਾਂ ਨੂੰ ਕਰ ਦਿੱਤਾ, ਅਤੇ ਉਹ ਹੋ ਗਈਆ।
4ਕਿਉਂਕਿ ਮੈਂ ਜਾਣਦਾ ਸੀ ਕਿ ਤੁਸੀਂ ਕਿੰਨੇ ਜ਼ਿੱਦੀ ਹੋ, ਤੇਰੀ ਗਰਦਨ ਦੀਆਂ ਮਾਸਪੇਸ਼ੀਆਂ ਲੋਹੇ ਦੀਆਂ ਹਨ, ਤੇਰਾ ਮੱਥੇ ਪਿੱਤਲ ਦਾ ਹੈ।
5ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਬਹੁਤ ਪਹਿਲਾਂ ਦੱਸੀਆਂ ਸਨ; ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਨ੍ਹਾਂ ਦੀ ਘੋਸ਼ਣਾ ਕੀਤੀ, ਤਾਂ ਜੋ ਤੁਸੀਂ ਇਹ ਨਾ ਕਹਿ ਸਕੋ, ‘ਮੇਰੀਆਂ ਮੂਰਤੀਆਂ ਨੇ ਉਨ੍ਹਾਂ ਨੂੰ ਬਣਾਇਆ ਹੈ; ਮੇਰੀ ਲੱਕੜ ਦੀ ਮੂਰਤੀ ਅਤੇ ਧਾਤ ਦੇ ਦੇਵਤੇ ਨੇ ਇਨ੍ਹਾਂ ਨੂੰ ਬਣਾਇਆ ਹੈ।’