1“ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਆਵਾਜ਼ ਉੱਚੀ ਕਰ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੋਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ।
2ਉਹ ਹਰ ਰੋਜ਼ ਮੈਨੂੰ ਭਾਲਦੇ ਹਨ; ਉਹ ਮੇਰੇ ਰਾਹਾਂ ਨੂੰ ਜਾਣਨ ਲਈ ਉਤਾਵਲੇ ਜਾਪਦੇ ਹਨ, ਜਿਵੇਂ ਉਹ ਇੱਕ ਕੌਮ ਹੋਣ ਜੋ ਸਹੀ ਕੰਮ ਕਰਦੀ ਹੈ ਅਤੇ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਤਿਆਗਿਆ, ਉਹ ਮੇਰੇ ਤੋਂ ਨਿਰਪੱਖ ਫੈਸਲੇ ਮੰਗਦੇ ਹਨ। ਅਤੇ ਪਰਮੇਸ਼ਵਰ ਦੇ ਨੇੜੇ ਆਉਣ ਲਈ ਖੁਸ਼ ਹੁੰਦੇ ਹਨ।
3ਉਹ ਆਖਦੇ ਹਨ, ‘ਅਸੀਂ ਵਰਤ ਕਿਉਂ ਰੱਖਿਆ,’ ਅਤੇ ਤੂੰ ਨਹੀਂ ਦੇਖਿਆ? ਅਸੀਂ ਆਪਣੇ ਆਪ ਨੂੰ ਨਿਮਰ ਬਣਾਇਆ, ਅਤੇ ਤੂੰ ਧਿਆਨ ਨਹੀਂ ਦਿੱਤਾ? “ਵੇਖੋ ਤੁਸੀਂ ਵਰਤ ਦੇ ਦਿਨ, ਆਪਣੀ ਮਰਜ਼ੀ ਅਨੁਸਾਰ ਚਲਦੇ ਹੋ ਅਤੇ ਆਪਣੇ ਸਾਰੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹੋ।
4ਤੁਹਾਡੇ ਵਰਤ ਦਾ ਅੰਤ ਝਗੜੇ-ਰਗੜੇ ਨਾਲ, ਅਤੇ ਇੱਕ-ਦੂਜੇ ਨੂੰ ਬੁਰਿਆਈ ਦੇ ਮੁੱਕੇ ਮਾਰਨ ਨਾਲ ਹੁੰਦਾ ਹੈ। ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਆਵਾਜ਼ ਉਚਿਆਈ ਤੇ ਨਹੀਂ ਸੁਣੇਗੀ।
5ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ, ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ? ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈ ਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ? ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ, ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?