17ਇਸ ਲਈ ਯਾਹਵੇਹ ਜੁਆਨਾਂ ਉੱਤੇ ਪ੍ਰਸੰਨ ਨਹੀਂ ਹੋਵੇਗਾ, ਨਾ ਉਹ ਯਤੀਮਾਂ ਅਤੇ ਵਿਧਵਾਵਾਂ ਉੱਤੇ ਤਰਸ ਕਰੇਗਾ, ਕਿਉਂ ਜੋ ਹਰ ਕੋਈ ਅਧਰਮੀ ਅਤੇ ਦੁਸ਼ਟ ਹੈ, ਹਰੇਕ ਮੂੰਹ ਮੂਰਖਤਾਈ ਬੋਲਦਾ ਹੈ। ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
18ਸੱਚ-ਮੁੱਚ ਹੀ ਬੁਰਿਆਈ ਅੱਗ ਵਾਂਗੂੰ ਬਲਦੀ ਹੈ। ਇਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।
19ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ, ਧਰਤੀ ਝੁਲਸ ਜਾਵੇਗੀ ਅਤੇ ਲੋਕ ਅੱਗ ਦਾ ਬਾਲਣ ਬਣ ਜਾਣਗੇ। ਉਹ ਇੱਕ-ਦੂਜੇ ਨੂੰ ਨਹੀਂ ਬਖਸ਼ਣਗੇ।
20ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾ ਪਰ ਰਹਿੰਦਾ ਭੁੱਖਾ ਹੈ, ਕੋਈ ਖੱਬੇ ਹੱਥ ਵੱਲੋਂ ਖਾਂਦਾ ਪਰ ਉਹ ਰੱਜਦਾ ਨਹੀਂ, ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ:
21ਮਨੱਸ਼ੇਹ ਇਫ਼ਰਾਈਮ ਨੂੰ ਅਤੇ ਇਫ਼ਰਾਈਮ ਮਨੱਸ਼ੇਹ ਨੂੰ ਖਾਵੇਗਾ। ਉਹ ਇਕੱਠੇ ਹੋ ਕੇ ਯਹੂਦਾਹ ਦੇ ਵਿਰੁੱਧ ਹੋ ਜਾਣਗੇ। ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।