11ਇਸਰਾਏਲ ਨੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੇ ਮੇਰੇ ਇਕਰਾਰਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਦੀ ਪਾਲਣਾ ਕਰਨ ਲਈ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਹ ਕੁਝ ਚੜ੍ਹਾਵੇ ਦੀਆਂ ਚੀਜ਼ਾਂ ਲੈ ਗਏ ਹਨ, ਉਹਨਾਂ ਨੇ ਚੋਰੀ ਕੀਤੀ ਹੈ, ਉਹਨਾਂ ਨੇ ਝੂਠ ਬੋਲਿਆ ਹੈ, ਉਹਨਾਂ ਨੇ ਉਹਨਾਂ ਨੂੰ ਆਪਣੇ ਮਾਲ ਨਾਲ ਰਲਾ ਲਿਆ ਹੈ।
12ਇਹੀ ਕਾਰਨ ਹੈ ਕਿ ਇਸਰਾਏਲੀ ਆਪਣੇ ਦੁਸ਼ਮਣਾਂ ਦਾ ਸਾਹਮਣਾ ਨਹੀਂ ਕਰ ਸਕੇ; ਅਤੇ ਪਿੱਠ ਵਿਖਾ ਕੇ ਭੱਜ ਗਏ ਕਿਉਂ ਜੋ ਉਹ ਸਰਾਪੇ ਗਏ ਹਨ। ਹੁਣ ਮੈਂ ਅੱਗੇ ਤੋਂ ਤੁਹਾਡੇ ਨਾਲ ਨਾ ਹੋਵਾਗਾ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ਾਂ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ।
13“ਜਾ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਉਨ੍ਹਾਂ ਨੂੰ ਆਖ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ ਕਿ ਹੇ ਇਸਰਾਏਲ, ਤੁਹਾਡੇ ਵਿੱਚ ਚੜ੍ਹਾਵੇ ਦੀਆਂ ਵਸਤੂਆਂ ਹਨ, ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਉਦੋਂ ਤੱਕ ਖੜ੍ਹੇ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਨਹੀਂ ਹਟਾ ਦਿੰਦੇ।
14“ ‘ਸਵੇਰ ਨੂੰ, ਆਪਣੇ ਆਪ ਨੂੰ ਗੋਤਾਂ ਸਮੇਤ ਪੇਸ਼ ਕਰੋ ਅਤੇ ਜਿਸ ਗੋਤ ਨੂੰ ਯਾਹਵੇਹ ਚੁਣਦਾ ਹੈ, ਉਹ ਟੱਬਰ ਸਮੇਤ ਅੱਗੇ ਆਵੇਗਾ, ਜਿਸ ਟੱਬਰ ਨੂੰ ਯਾਹਵੇਹ ਨੇ ਚੁਣਿਆ ਹੈ, ਉਹ ਪਰਿਵਾਰ ਸਮੇਤ ਅੱਗੇ ਆਵੇਗਾ ਅਤੇ ਯਾਹਵੇਹ ਦੁਆਰਾ ਚੁਣਿਆ ਗਿਆ ਪਰਿਵਾਰ ਇੱਕ-ਇੱਕ ਕਰਕੇ ਅੱਗੇ ਆਵੇਗਾ।
15ਜੋ ਕੋਈ ਵੀ ਚੜ੍ਹਾਵੇ ਦੀਆਂ ਵਸਤੂਆਂ ਨਾਲ ਫੜਿਆ ਜਾਂਦਾ ਹੈ, ਅੱਗ ਵਿੱਚ ਉਸ ਦੇ ਸਾਰੇ ਸਮਾਨ ਸਮੇਤ ਸਾੜ ਦਿੱਤਾ ਜਾਵੇਗਾ ਕਿਉਂ ਜੋ ਉਸ ਨੇ ਯਾਹਵੇਹ ਦੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਹੈ!’ ”