13“ਜਾ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਉਨ੍ਹਾਂ ਨੂੰ ਆਖ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ ਕਿ ਹੇ ਇਸਰਾਏਲ, ਤੁਹਾਡੇ ਵਿੱਚ ਚੜ੍ਹਾਵੇ ਦੀਆਂ ਵਸਤੂਆਂ ਹਨ, ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਉਦੋਂ ਤੱਕ ਖੜ੍ਹੇ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਨਹੀਂ ਹਟਾ ਦਿੰਦੇ।
14“ ‘ਸਵੇਰ ਨੂੰ, ਆਪਣੇ ਆਪ ਨੂੰ ਗੋਤਾਂ ਸਮੇਤ ਪੇਸ਼ ਕਰੋ ਅਤੇ ਜਿਸ ਗੋਤ ਨੂੰ ਯਾਹਵੇਹ ਚੁਣਦਾ ਹੈ, ਉਹ ਟੱਬਰ ਸਮੇਤ ਅੱਗੇ ਆਵੇਗਾ, ਜਿਸ ਟੱਬਰ ਨੂੰ ਯਾਹਵੇਹ ਨੇ ਚੁਣਿਆ ਹੈ, ਉਹ ਪਰਿਵਾਰ ਸਮੇਤ ਅੱਗੇ ਆਵੇਗਾ ਅਤੇ ਯਾਹਵੇਹ ਦੁਆਰਾ ਚੁਣਿਆ ਗਿਆ ਪਰਿਵਾਰ ਇੱਕ-ਇੱਕ ਕਰਕੇ ਅੱਗੇ ਆਵੇਗਾ।
15ਜੋ ਕੋਈ ਵੀ ਚੜ੍ਹਾਵੇ ਦੀਆਂ ਵਸਤੂਆਂ ਨਾਲ ਫੜਿਆ ਜਾਂਦਾ ਹੈ, ਅੱਗ ਵਿੱਚ ਉਸ ਦੇ ਸਾਰੇ ਸਮਾਨ ਸਮੇਤ ਸਾੜ ਦਿੱਤਾ ਜਾਵੇਗਾ ਕਿਉਂ ਜੋ ਉਸ ਨੇ ਯਾਹਵੇਹ ਦੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਹੈ!’ ”
16ਅਗਲੀ ਸਵੇਰ ਯੇਹੋਸ਼ੁਆ ਨੇ ਇਸਰਾਏਲ ਨੂੰ ਗੋਤਾਂ ਸਮੇਤ ਅੱਗੇ ਆਉਣ ਲਈ ਕਿਹਾ ਅਤੇ ਯਹੂਦਾਹ ਨੂੰ ਚੁਣਿਆ ਗਿਆ।
17ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ।