9ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ; ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ। ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਅਤੇ ਉਸ ਦੇ ਨਬੀਆਂ ਨੂੰ ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।
10ਸੀਯੋਨ ਦੀ ਧੀ ਦੇ ਬਜ਼ੁਰਗ ਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ; ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈ ਅਤੇ ਤੱਪੜ ਪਾ ਲਿਆ ਹੈ। ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।
11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੈਂ ਅੰਦਰੋਂ ਦੁਖੀ ਹਾਂ; ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈ ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।
12ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ, “ਰੋਟੀ ਅਤੇ ਦਾਖ਼ਰਸ ਕਿੱਥੇ ਹੈ?” ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣੇ ਪ੍ਰਾਣ ਛੱਡ ਦਿੰਦੇ ਹਨ।
13ਹੇ ਯੇਰੂਸ਼ਲੇਮ ਦੀਏ ਧੀਏ? ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ? ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ, ਮੈਂ ਤੈਨੂੰ ਕਿਸ ਦੇ ਵਰਗੀ ਆਖਾਂ, ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ, ਹੇ ਸੀਯੋਨ ਦੀ ਕੁਆਰੀ ਧੀਏ? ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ। ਤੈਨੂੰ ਕੌਣ ਚੰਗਾ ਕਰ ਸਕਦਾ ਹੈ?