1ਕੋਰਾਹ, ਇਜ਼ਹਾਰ ਦਾ ਪੁੱਤਰ, ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ ਅਤੇ ਕੁਝ ਰਊਬੇਨੀ, ਦਾਥਾਨ ਅਤੇ ਅਬੀਰਾਮ, ਅਲੀਆਬ ਦਾ ਪੁੱਤਰ ਅਤੇ ਓਨ ਪੇਲੇਥ ਦਾ ਪੁੱਤਰ, ਬੇਈਮਾਨ ਹੋ ਗਏ।
2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਨਾਮੀ ਸਨ, ਮੋਸ਼ੇਹ ਦੇ ਵਿਰੁੱਧ ਉੱਠੇ।
3ਉਹ ਮੋਸ਼ੇਹ ਅਤੇ ਹਾਰੋਨ ਦਾ ਵਿਰੋਧ ਕਰਨ ਲਈ ਇੱਕ ਸਮੂਹ ਵਿੱਚ ਇਕੱਠੇ ਹੋ ਕੇ ਕਹਿਣ ਲਗੇ, “ਕਿ ਤੁਸੀਂ ਤਾਂ ਬਹੁਤ ਉੱਚਾ ਉੱਡਣ ਲੱਗ ਪਏ ਹੋ! ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਾਹਵੇਹ ਉਹਨਾਂ ਦੇ ਵਿੱਚਕਾਰ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਾਹਵੇਹ ਦੀ ਸਭਾ ਨਾਲੋਂ ਉੱਚਾ ਬਣਾਉਦੇ ਹੋ?”
4ਜਦੋਂ ਮੋਸ਼ੇਹ ਨੇ ਇਹ ਸੁਣਿਆ ਤਾਂ ਉਹ ਮੂੰਹ ਭਾਰ ਡਿੱਗ ਗਿਆ।
5ਤਦ ਉਸ ਨੇ ਕੋਰਾਹ ਅਤੇ ਉਸ ਦੇ ਸਾਰੇ ਚੇਲਿਆਂ ਨੂੰ ਕਿਹਾ, “ਸਵੇਰੇ ਯਾਹਵੇਹ ਦਿਖਾਵੇਗਾ ਕਿ ਕੌਣ ਉਸਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸ ਨੂੰ ਉਹ ਆਪਣੇ ਨੇੜੇ ਲਿਆਵੇਗਾ। ਜਿਸ ਆਦਮੀ ਨੂੰ ਉਹ ਚੁਣਦਾ ਹੈ ਉਹ ਉਸਨੂੰ ਨੇੜੇ ਲਿਆਵੇਗਾ।