1ਹੇ ਰਾਜਕੁਮਾਰ ਦੀ ਧੀਏ, ਤੇਰੇ ਪੈਰ ਜੁੱਤੀ ਦੇ ਵਿੱਚ ਕਿੰਨੇ ਸੋਹਣੇ ਹਨ! ਤੇਰੀਆਂ ਲੱਤਾ ਸੁੰਦਰ ਗਹਿਣਿਆਂ ਵਾਂਗ ਹਨ, ਜਿਵੇਂ ਕਿਸੇ ਕਾਰੀਗਰ ਦੇ ਹੱਥਾਂ ਨਾਲ ਬਣੀਆਂ ਹੋਣ।
2ਤੇਰੀ ਧੁੰਨੀ ਗੋਲ ਕਟੋਰੇ ਵਰਗੀ ਹੈ ਜਿਸ ਵਿੱਚ ਮਿਲੀ ਹੋਈ ਦਾਖ਼ਰਸ ਦੀ ਕਮੀ ਨਹੀਂ ਹੁੰਦੀ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਨਾਲ ਘਿਰਿਆ ਹੋਇਆ ਹੈ।
3ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।
4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਰਗੀ ਹੈ, ਤੇਰੀਆਂ ਅੱਖਾਂ ਹੇਸ਼ਬੋਨ ਦੇ ਤਲਾਬ ਹਨ, ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ, ਜੋ ਦੰਮਿਸ਼ਕ ਵੱਲ ਦੇਖ ਰਿਹਾ ਹੈ।