16ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ।
17ਦਾਵੀਦ ਪਾਣੀ ਦੇ ਲਈ ਤਰਸਿਆ ਅਤੇ ਆਖਿਆ, “ਕਾਸ਼, ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਉਂਦਾ, ਜਿਹੜਾ ਫਾਟਕ ਦੇ ਕੋਲ ਹੈ!”
18ਇਸ ਲਈ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ, ਪਰ ਉਸਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ, ਇਸ ਦੀ ਬਜਾਏ ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ।
19ਉਸ ਨੇ ਕਿਹਾ, “ਪਰਮੇਸ਼ਵਰ ਨਾ ਕਰੇ ਕਿ ਮੈਂ ਅਜਿਹਾ ਕਰਾਂ! ਕੀ ਮੈਨੂੰ ਇਨ੍ਹਾਂ ਮਨੁੱਖਾਂ ਦਾ ਖੂਨ ਪੀਣਾ ਚਾਹੀਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?” ਕਿਉਂਕਿ ਉਹਨਾਂ ਨੇ ਇਸ ਨੂੰ ਵਾਪਸ ਲਿਆਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਸਨ, ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ। ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
20ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ। ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ।