18ਇਸ ਲਈ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ, ਪਰ ਉਸਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ, ਇਸ ਦੀ ਬਜਾਏ ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ।
19ਉਸ ਨੇ ਕਿਹਾ, “ਪਰਮੇਸ਼ਵਰ ਨਾ ਕਰੇ ਕਿ ਮੈਂ ਅਜਿਹਾ ਕਰਾਂ! ਕੀ ਮੈਨੂੰ ਇਨ੍ਹਾਂ ਮਨੁੱਖਾਂ ਦਾ ਖੂਨ ਪੀਣਾ ਚਾਹੀਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?” ਕਿਉਂਕਿ ਉਹਨਾਂ ਨੇ ਇਸ ਨੂੰ ਵਾਪਸ ਲਿਆਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਸਨ, ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ। ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
20ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ। ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ।
21ਉਸ ਨੂੰ ਤਿੰਨਾਂ ਨਾਲੋਂ ਦੁੱਗਣਾ ਸਨਮਾਨ ਮਿਲਿਆ ਅਤੇ ਉਹ ਉਨ੍ਹਾਂ ਦਾ ਸੈਨਾਪਤੀ ਬਣ ਗਿਆ ਭਾਵੇਂ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
22ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ।