15ਰਾਜੇ ਦੇ ਸੇਵਕਾਂ ਨੇ ਉਹ ਨੂੰ ਉੱਤਰ ਦਿੱਤਾ, “ਸੱਚਮੁੱਚ ਮੇਰੇ ਮਾਲਕ, ਤੁਹਾਡੇ ਸੇਵਕ ਜੋ ਕੁਝ ਸਾਡਾ ਮਾਲਕ ਆਖਦਾ ਹੈ, ਉਹ ਕਰਨ ਲਈ ਤਿਆਰ ਹਨ।”
16ਤਦ ਰਾਜਾ ਆਪਣੇ ਸਾਰੇ ਘਰਾਣੇ ਦੇ ਨਾਲ ਤੁਰ ਪਿਆ। ਪਰ ਦਾਵੀਦ ਨੇ ਘਰ ਦੀ ਦੇਖਭਾਲ ਕਰਨ ਲਈ ਆਪਣੀਆਂ ਦਸ ਰਖੇਲਾਂ ਨੂੰ ਉੱਥੇ ਛੱਡ ਦਿੱਤਾ।
17ਰਾਜੇ ਨੇ ਆਪਣੇ ਘਰ ਨੂੰ ਛੱਡ ਦਿੱਤਾ, ਸਾਰੇ ਲੋਕ ਮਗਰ ਹੋ ਗਏ। ਤੁਰਦੇ-ਫਿਰਦੇ ਉਹ ਆਖਰੀ ਘਰ ਪਹੁੰਚ ਕੇ ਰੁਕ ਗਏ।
18ਉਨ੍ਹਾਂ ਦੇ ਸਾਰੇ ਅਧਿਕਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਅੱਗੇ ਚਲੇ ਗਏ। ਇਹ ਸਾਰੇ ਕਰੇਥੀ, ਪਲੇਥੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਾਥ ਤੋਂ ਉਸ ਦੇ ਪਿੱਛੇ ਆਏ ਸਨ। ਰਾਜੇ ਦੇ ਅੱਗੇ ਪਾਰ ਲੰਘ ਗਏ।
19ਪਾਤਸ਼ਾਹ ਨੇ ਗਿੱਤੀ ਦੇ ਵਾਸੀ ਇੱਤਾਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜੇ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈ, ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਹੈ।