5ਤਦ ਯਾਹਵੇਹ ਦਾ ਆਤਮਾ ਮੇਰੇ ਉੱਤੇ ਆਇਆ, ਅਤੇ ਉਸਨੇ ਮੈਨੂੰ ਇਹ ਕਹਿਣ ਲਈ ਕਿਹਾ: “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ਹੇ ਇਸਰਾਏਲ ਦੇ ਆਗੂਓ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ।
6ਤੁਸੀਂ ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ ਅਤੇ ਇਸ ਦੀਆਂ ਗਲੀਆਂ ਲਾਸ਼ਾਂ ਨਾਲ ਭਰ ਦਿੱਤੀਆਂ ਹਨ।
7“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੋ ਲਾਸ਼ਾਂ ਤੁਸੀਂ ਉੱਥੇ ਸੁੱਟੀਆਂ ਹਨ ਉਹ ਮਾਸ ਹਨ ਅਤੇ ਇਹ ਸ਼ਹਿਰ ਇੱਕ ਘੜਾ ਹੈ, ਪਰ ਮੈਂ ਤੁਹਾਨੂੰ ਇਸ ਵਿੱਚੋਂ ਕੱਢ ਦਿਆਂਗਾ।
8ਤੁਸੀਂ ਤਲਵਾਰ ਤੋਂ ਡਰਦੇ ਹੋ, ਅਤੇ ਤਲਵਾਰ ਉਹ ਹੈ ਜੋ ਮੈਂ ਤੁਹਾਡੇ ਵਿਰੁੱਧ ਲਿਆਵਾਂਗਾ, ਯਾਹਵੇਹ ਦਾ ਵਾਕ ਹੈ।
9ਮੈਂ ਤੁਹਾਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਦਿਆਂਗਾ ਅਤੇ ਤੁਹਾਨੂੰ ਪਰਦੇਸੀਆਂ ਦੇ ਹੱਥਾਂ ਵਿੱਚ ਸੌਂਪ ਦਿਆਂਗਾ ਅਤੇ ਤੁਹਾਨੂੰ ਸਜ਼ਾ ਦਿਆਂਗਾ।