11ਫਿਰ ਇਸਰਾਏਲ ਦੇ ਲੋਕ ਮੇਰੇ ਤੋਂ ਭਟਕਣਗੇ ਨਹੀਂ, ਅਤੇ ਨਾ ਹੀ ਉਹ ਆਪਣੇ ਆਪ ਨੂੰ ਆਪਣੇ ਸਾਰੇ ਪਾਪਾਂ ਨਾਲ ਅਸ਼ੁੱਧ ਕਰਨਗੇ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
12ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
13“ਹੇ ਮਨੁੱਖ ਦੇ ਪੁੱਤਰ, ਜੇਕਰ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ,
14ਭਾਵੇਂ ਉਸ ਵਿੱਚ ਨੋਹ, ਦਾਨੀਏਲ ਅਤੇ ਅੱਯੋਬ ਤਿੰਨ ਮਨੁੱਖ ਹੋਣ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ।
15“ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਜੰਗਲੀ ਜਾਨਵਰਾਂ ਨੂੰ ਭੇਜਾਂ ਅਤੇ ਉਹ ਉਸ ਨੂੰ ਬੇ-ਔਲਾਦ ਛੱਡ ਦੇਣ ਅਤੇ ਉਹ ਵਿਰਾਨ ਹੋ ਜਾਵੇ ਤਾਂ ਜੋ ਦਰਿੰਦਿਆਂ ਦੇ ਕਾਰਨ ਕੋਈ ਵੀ ਉਸ ਵਿੱਚੋਂ ਦੀ ਲੰਘ ਨਾ ਸਕੇ,