17ਉਹ ਗਰੀਬਾਂ ਨਾਲ ਦੁਰਵਿਹਾਰ ਕਰਨ ਤੋਂ ਆਪਣਾ ਹੱਥ ਰੋਕਦਾ ਹੈ ਅਤੇ ਉਹਨਾਂ ਤੋਂ ਕੋਈ ਵਿਆਜ ਜਾਂ ਲਾਭ ਨਹੀਂ ਲੈਂਦਾ। ਉਹ ਮੇਰੇ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ। ਉਹ ਆਪਣੇ ਪਿਤਾ ਦੇ ਪਾਪ ਲਈ ਨਹੀਂ ਮਰੇਗਾ; ਉਹ ਜ਼ਰੂਰ ਜਿਉਂਦਾ ਰਹੇਗਾ।
18ਪਰ ਉਸਦਾ ਪਿਤਾ ਉਸਦੇ ਆਪਣੇ ਪਾਪ ਲਈ ਮਰ ਜਾਵੇਗਾ, ਕਿਉਂਕਿ ਉਸਨੇ ਬਿਨ੍ਹਾਂ ਤਰਸ ਤੋਂ ਜ਼ੁਲਮ ਕੀਤੇ, ਆਪਣੇ ਭਰਾ ਨੂੰ ਲੁੱਟਿਆ ਅਤੇ ਉਸਦੇ ਲੋਕਾਂ ਵਿੱਚ ਗਲਤ ਕੰਮ ਕੀਤਾ।
19“ਫਿਰ ਵੀ ਤੁਸੀਂ ਪੁੱਛਦੇ ਹੋ, ‘ਪੁੱਤਰ ਆਪਣੇ ਪਿਤਾ ਦੇ ਦੋਸ਼ਾਂ ਦਾ ਭਾਗੀਦਾਰ ਕਿਉਂ ਨਹੀਂ ਹੁੰਦਾ?’ ਕਿਉਂਕਿ ਪੁੱਤਰ ਨੇ ਉਹੀ ਕੀਤਾ ਹੈ ਜੋ ਸਹੀ ਅਤੇ ਚੰਗਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਿਹਾ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।
20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।
21“ਪਰ ਜੇਕਰ ਕੋਈ ਦੁਸ਼ਟ ਵਿਅਕਤੀ ਆਪਣੇ ਕੀਤੇ ਹੋਏ ਸਾਰੇ ਪਾਪਾਂ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਨਾ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰੇਗਾ।