1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਸਦਾ ਨਿਆਂ ਕਰੇਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਫਿਰ ਉਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ।
3ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇੱਕ ਸ਼ਹਿਰ ਜੋ ਆਪਣੇ ਵਿਚਕਾਰ ਖੂਨ ਵਹਾ ਕੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ ਅਤੇ ਮੂਰਤੀਆਂ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦਾ ਹੈ।
4ਜੋ ਲਹੂ ਤੂੰ ਵਹਾਇਆ ਹੈ ਉਸ ਦੇ ਕਾਰਨ ਤੂੰ ਦੋਸ਼ੀ ਹੋ ਗਿਆ ਅਤੇ ਜਿਹੜੀਆਂ ਮੂਰਤੀਆਂ ਤੂੰ ਬਣਾਈਆਂ ਹਨ, ਉਹਨਾਂ ਤੋਂ ਤੂੰ ਅਸ਼ੁੱਧ ਹੋ ਗਿਆ। ਇਸ ਲਈ ਮੈਂ ਤੈਨੂੰ ਕੌਮਾਂ ਲਈ ਮਜ਼ਾਕ ਦਾ ਪਾਤਰ ਅਤੇ ਸਾਰੇ ਦੇਸ਼ਾਂ ਲਈ ਹਾਸੇ ਦਾ ਪਾਤਰ ਬਣਾਵਾਂਗਾ।
5ਜੋ ਨੇੜੇ ਹਨ ਅਤੇ ਜੋ ਦੂਰ ਹਨ, ਉਹ ਤੇਰਾ ਮਜ਼ਾਕ ਉਡਾਉਣਗੇ, ਹੇ ਬਦਨਾਮ ਸ਼ਹਿਰ, ਗੜਬੜ ਨਾਲ ਭਰੇ ਹੋਏ।