21ਸਾਡੀ ਗ਼ੁਲਾਮੀ ਦੇ ਬਾਰ੍ਹਵੇਂ ਸਾਲ, ਦਸਵੇਂ ਮਹੀਨੇ ਦੇ ਪੰਜਵੇਂ ਦਿਨ, ਇੱਕ ਆਦਮੀ ਜੋ ਯੇਰੂਸ਼ਲੇਮ ਤੋਂ ਭੱਜ ਗਿਆ ਸੀ ਮੇਰੇ ਕੋਲ ਆਇਆ ਅਤੇ ਕਿਹਾ, “ਸ਼ਹਿਰ ਡਿੱਗ ਗਿਆ ਹੈ!”
22ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।
23ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
24“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਧਰਤੀ ਵਿੱਚ ਉਹਨਾਂ ਖੰਡਰਾਂ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਅਬਰਾਹਾਮ ਸਿਰਫ ਇੱਕ ਹੀ ਮਨੁੱਖ ਸੀ, ਫਿਰ ਵੀ ਉਹ ਧਰਤੀ ਦਾ ਮਾਲਕ ਸੀ। ਪਰ ਅਸੀਂ ਬਹੁਤ ਸਾਰੇ ਹਾਂ; ਯਕੀਨਨ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਹੈ।’
25ਇਸ ਲਈ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਸੀਂ ਲਹੂ ਸਮੇਤ ਮਾਸ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?