10“ਹੇ ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨੂੰ ਮੰਦਰ ਦਾ ਵਰਣਨ ਕਰ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦਾ ਹੋਣ। ਉਹਨਾਂ ਨੂੰ ਇਸਦੀ ਸੰਪੂਰਨਤਾ ਬਾਰੇ ਵਿਚਾਰ ਕਰਨ ਦਿਓ,
11ਅਤੇ ਜੇ ਉਹ ਆਪਣੇ ਕੀਤੇ ਹੋਏ ਸਾਰੇ ਕੰਮਾਂ ਤੋਂ ਸ਼ਰਮਿੰਦਾ ਹਨ, ਤਾਂ ਉਹਨਾਂ ਨੂੰ ਮੰਦਰ ਦੇ ਨਕਸ਼ੇ ਬਾਰੇ ਦੱਸੋ ਇਸਦਾ ਪ੍ਰਬੰਧ, ਇਸਦੇ ਬਾਹਰ ਨਿਕਲਣ ਅਤੇ ਪ੍ਰਵੇਸ਼ ਦੁਆਰ ਅਤੇ ਇਸਦਾ ਸਾਰਾ ਨਕਸ਼ਾ ਅਤੇ ਇਸਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਬਾਰੇ। ਇਹਨਾਂ ਨੂੰ ਉਹਨਾਂ ਦੇ ਅੱਗੇ ਲਿਖੋ ਤਾਂ ਜੋ ਉਹ ਇਸਦੇ ਨਕਸ਼ੇ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਣ।
12“ਇਹ ਭਵਨ ਦਾ ਨਿਯਮ ਹੈ: ਪਹਾੜ ਦੀ ਚੋਟੀ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਭ ਤੋਂ ਪਵਿੱਤਰ ਹੋਵੇਗਾ। ਇਹੀ ਇਸ ਭਵਨ ਦੀ ਬਿਵਸਥਾ ਹੈ।
13“ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ:
14ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ।