16ਕੇਵਲ ਉਹ ਹੀ ਮੇਰੇ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰਨਗੇ; ਉਹ ਇਕੱਲੇ ਮੇਰੇ ਮੇਜ਼ ਦੇ ਨੇੜੇ ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ ਅਤੇ ਪਹਿਰੇਦਾਰ ਵਜੋਂ ਮੇਰੀ ਸੇਵਾ ਕਰਨਗੇ।
17“ ‘ਜਦੋਂ ਉਹ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਵਿੱਚ ਵੜਨ, ਤਾਂ ਉਹਨਾਂ ਨੂੰ ਲਿਨਨ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਜਾਂ ਮੰਦਰ ਦੇ ਅੰਦਰ ਸੇਵਾ ਕਰਦੇ ਸਮੇਂ ਉਹਨਾਂ ਨੂੰ ਉੱਨੀ ਕੱਪੜੇ ਨਹੀਂ ਪਹਿਨਣੇ ਚਾਹੀਦੇ।
18ਉਹਨਾਂ ਨੂੰ ਆਪਣੇ ਸਿਰਾਂ ਤੇ ਲਿਨਨ ਦੀਆਂ ਪੱਗਾਂ ਅਤੇ ਲੱਕ ਦੇ ਦੁਆਲੇ ਸੂਤੀ ਪਜਾਮੇ ਪਹਿਨਣਗੇ। ਉਹਨਾਂ ਨੂੰ ਅਜਿਹਾ ਕੁਝ ਨਹੀਂ ਪਹਿਨਣਾ ਚਾਹੀਦਾ ਜਿਸ ਨਾਲ ਉਹਨਾਂ ਨੂੰ ਪਸੀਨਾ ਆਉਂਦਾ ਹੋਵੇ।
19ਜਦੋਂ ਬਾਹਰਲੇ ਵੇਹੜੇ ਅਰਥਾਤ ਲੋਕਾਂ ਦੇ ਬਾਹਰਲੇ ਵੇਹੜੇ ਵਿੱਚ ਨਿੱਕਲ ਆਉਣ, ਤਾਂ ਆਪਣੇ ਸੇਵਾ ਸਮੇਂ ਦੇ ਲੀੜੇ ਲਾਹ ਕੇ ਪਵਿੱਤਰ ਕੋਠੜੀਆਂ ਵਿੱਚ ਰੱਖਣਗੇ ਅਤੇ ਦੂਜੇ ਲੀੜੇ ਪਾ ਲੈਣਗੇ, ਤਾਂ ਜੋ ਆਪਣੇ ਬਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ।
20“ ‘ਉਹਨਾਂ ਨੂੰ ਆਪਣੇ ਸਿਰ ਮੁਨਾਉਣ ਜਾਂ ਆਪਣੇ ਵਾਲ ਲੰਬੇ ਨਾ ਹੋਣ ਦੇਣ, ਪਰ ਉਹ ਆਪਣੇ ਸਿਰ ਦੇ ਵਾਲਾਂ ਨੂੰ ਕੱਟ ਕੇ ਰੱਖਣ।