6ਨਵੇਂ ਚੰਦਰਮਾ ਦੇ ਦਿਨ, ਉਸਨੂੰ ਇੱਕ ਨਿਰਦੋਸ਼ ਬਲਦ, ਛੇ ਨਿਰਦੋਸ਼ ਲੇਲੇ ਅਤੇ ਇੱਕ ਨਿਰਦੋਸ਼ ਭੇਡੂ ਚੜ੍ਹਾਉਣਾ ਚਾਹੀਦਾ ਹੈ, ਇਹ ਸਾਰੇ ਬਿਨਾਂ ਕਿਸੇ ਨੁਕਸ ਦੇ ਹੋਣ।
7ਉਸ ਨੂੰ ਅਨਾਜ਼ ਦੀ ਭੇਟ ਵਜੋਂ ਬਲਦ ਦੇ ਨਾਲ ਇੱਕ ਏਫਾਹ, ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਦੇਣਾ ਚਾਹੁੰਦਾ ਹੈ, ਹਰ ਏਫਾਹ ਦੇ ਲਈ ਇੱਕ ਹੀਨ ਤੇਲ ਨਾਲ ਦੇਵੇ।
8ਜਦੋਂ ਰਾਜਕੁਮਾਰ ਪ੍ਰਵੇਸ਼ ਕਰਦਾ ਹੈ, ਤਾਂ ਉਸ ਨੂੰ ਫਾਟਕ ਦੀ ਡਿਉੜ੍ਹੀ ਵਿੱਚੋਂ ਅੰਦਰ ਜਾਣਾ ਹੈ ਅਤੇ ਉਸੇ ਤਰ੍ਹਾਂ ਬਾਹਰ ਆਉਣਾ ਹੈ।
9“ ‘ਜਦੋਂ ਦੇਸ਼ ਦੇ ਲੋਕ ਠਹਿਰਾਏ ਹੋਏ ਤਿਉਹਾਰਾਂ ਉੱਤੇ ਯਾਹਵੇਹ ਦੇ ਸਨਮੁਖ ਆਉਂਦੇ ਹਨ, ਤਾਂ ਜੋ ਕੋਈ ਉਪਾਸਨਾ ਕਰਨ ਲਈ ਉੱਤਰੀ ਦਰਵਾਜ਼ੇ ਤੋਂ ਪ੍ਰਵੇਸ਼ ਕਰਦਾ ਹੈ, ਉਸ ਨੂੰ ਦੱਖਣੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਜੋ ਕੋਈ ਦੱਖਣ ਦੇ ਫਾਟਕ ਤੋਂ ਪ੍ਰਵੇਸ਼ ਕਰਦਾ ਹੈ ਉਸਨੂੰ ਉੱਤਰੀ ਫਾਟਕ ਤੋਂ ਬਾਹਰ ਜਾਣਾ ਚਾਹੀਦਾ ਹੈ। ਜਿਸ ਫਾਟਕ ਤੋਂ ਉਹ ਵੜਿਆ ਸੀ, ਉਸ ਫਾਟਕ ਵਿੱਚੋਂ ਕਿਸੇ ਨੇ ਵੀ ਵਾਪਸ ਨਹੀਂ ਜਾਣਾ ਹੈ, ਪਰ ਹਰੇਕ ਨੇ ਉਲਟ ਫਾਟਕ ਤੋਂ ਬਾਹਰ ਜਾਣਾ ਹੈ।
10ਰਾਜਕੁਮਾਰ ਉਹਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਜਦੋਂ ਉਹ ਅੰਦਰ ਜਾਂਦੇ ਹਨ ਤਾਂ ਅੰਦਰ ਜਾਣਾ ਅਤੇ ਜਦੋਂ ਉਹ ਬਾਹਰ ਜਾਂਦੇ ਹਨ ਤਾਂ ਬਾਹਰ ਜਾਣਾ ਚਾਹੀਦਾ ਹੈ।