11(ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਉਹਨਾਂ ਨੇ ਉਸ ਨੂੰ ਭੇਜੀ ਸੀ।) ਰਾਜਾ ਅਰਤਹਸ਼ਸ਼ਤਾ ਨੂੰ, ਫ਼ਰਾਤ ਦੇ ਪਾਰ ਤੁਹਾਡੇ ਸੇਵਕਾਂ ਵੱਲੋਂ:
12ਰਾਜਾ ਨੂੰ ਖ਼ਬਰ ਹੋਵੇ ਕਿ ਜੋ ਯਹੂਦੀ ਤੁਹਾਡੇ ਕੋਲੋਂ ਸਾਡੇ ਵੱਲ ਯੇਰੂਸ਼ਲੇਮ ਵਿੱਚ ਆਏ ਹਨ, ਉਹ ਉਸ ਵਿਦਰੋਹੀ ਅਤੇ ਦੁਸ਼ਟ ਸ਼ਹਿਰ ਦੀ ਉਸਾਰੀ ਕਰ ਰਹੇ ਹਨ, ਸਗੋਂ ਕੰਧਾਂ ਨੂੰ ਬਣਾ ਲਿਆ ਹੈ ਅਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ।
13ਹੁਣ ਰਾਜਾ ਨੂੰ ਖ਼ਬਰ ਹੋਵੇ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾਂ ਪੂਰੀਆਂ ਹੋ ਜਾਣ ਤਾਂ ਉਹ ਲਗਾਨ, ਚੁੰਗੀ ਤੇ ਨਜ਼ਰਾਨਾ ਨਹੀਂ ਦੇਣਗੇ ਅਤੇ ਅੰਤ ਵਿੱਚ ਸ਼ਾਹੀ ਆਮਦਨ ਵਿੱਚ ਘਾਟਾ ਪੈ ਜਾਵੇਗਾ
14ਹੁਣ ਜਦੋਂ ਅਸੀਂ ਮਹਿਲ ਦੀ ਜ਼ਿੰਮੇਵਾਰੀ ਦੇ ਅਧੀਨ ਹੈ ਅਤੇ ਰਾਜੇ ਦੀ ਬੇਇੱਜ਼ਤੀ ਹੁੰਦੀ ਵੇਖਣਾ ਸਾਡੇ ਲਈ ਉਚਿਤ ਨਹੀਂ ਹੈ, ਅਸੀਂ ਰਾਜੇ ਨੂੰ ਸੂਚਿਤ ਕਰਨ ਲਈ ਇਹ ਸੰਦੇਸ਼ ਭੇਜ ਰਹੇ ਹਾਂ,
15ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ। ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ।