ਏਜ਼ਰਾ 5

1ਹੁਣ ਹੱਜਈ ਨਬੀ ਅਤੇ ਜ਼ਕਰਯਾਹ ਨਬੀ, ਜੋ ਇੱਦੋ ਦੇ ਵੰਸ਼ ਵਿੱਚੋਂ ਸੀ, ਨੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਯਹੂਦੀਆਂ ਨੂੰ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ, ਜੋ ਉਹਨਾਂ ਉੱਤੇ ਸੀ, ਭਵਿੱਖਬਾਣੀ ਕੀਤੀ।

2ਤਦ ਸ਼ਅਲਤੀਏਲ ਦਾ ਪੁੱਤਰ ਜ਼ਰੁੱਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰਨ ਲੱਗੇ ਅਤੇ ਪਰਮੇਸ਼ਵਰ ਦੇ ਨਬੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਸਮਰਥਨ ਕਰਦੇ ਸਨ।

3ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, “ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜ੍ਹਾ ਕਰ ਰਹੇ ਹੋ?”

4ਉਹਨਾਂ ਨੇ ਇਹ ਵੀ ਪੁੱਛਿਆ ਕਿ “ਜਿਹੜੇ ਲੋਕ ਇਸ ਭਵਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਮ ਹਨ?”

5ਪਰ ਪਰਮੇਸ਼ਵਰ ਦੀ ਨਜ਼ਰ ਯਹੂਦੀ ਬਜ਼ੁਰਗਾਂ ਉੱਤੇ ਸੀ, ਇਸ ਲਈ ਜਦੋਂ ਤੱਕ ਇਹ ਗੱਲ ਦਾਰਾ ਤੱਕ ਨਾ ਪਹੁੰਚੀ ਅਤੇ ਇਸ ਦੇ ਬਾਰੇ ਚਿੱਠੀ ਦੇ ਰਾਹੀਂ ਉੱਤਰ ਨਾ ਮਿਲਿਆ, ਤਦ ਤੱਕ ਉਨ੍ਹਾਂ ਨੇ ਉਹਨਾਂ ਨੂੰ ਨਾ ਰੋਕਿਆ।

6ਇਹ ਹੈ ਉਸ ਚਿੱਠੀ ਦੀ ਨਕਲ ਜੋ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਤੇ ਉਨ੍ਹਾਂ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆ ਪਾਰ ਦੇ ਸਨ ਦਾਰਾ ਰਾਜਾ ਨੂੰ ਭੇਜੀ ਸੀ।

7ਜੋ ਚਿੱਠੀ ਉਹਨਾਂ ਭੇਜੀ ਸੀ ਉਹ ਇਸ ਪ੍ਰਕਾਰ ਹੈ: ਰਾਜਾ ਦਾਰਾ ਨੂੰ ਦਿਲੋਂ ਸ਼ੁਭਕਾਮਨਾਵਾਂ।

8ਰਾਜਾ ਨੂੰ ਖ਼ਬਰ ਹੋਵੇ ਕਿ ਅਸੀਂ ਯਹੂਦਾਹ ਦੇ ਜ਼ਿਲ੍ਹੇ ਵਿੱਚ, ਮਹਾਨ ਪਰਮੇਸ਼ਵਰ ਦੇ ਭਵਨ ਵਿੱਚ ਗਏ ਸੀ। ਉਹ ਵੱਡੇ-ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਇਹ ਕੰਮ ਉਨ੍ਹਾਂ ਲੋਕਾਂ ਦੁਆਰਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਫ਼ਲ ਵੀ ਹੋ ਰਿਹਾ ਹੈ।

9ਅਸੀਂ ਬਜ਼ੁਰਗਾਂ ਨੂੰ ਸਵਾਲ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਤੁਹਾਨੂੰ ਇਸ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸਨੂੰ ਪੂਰਾ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ?”

10ਅਸੀਂ ਉਹਨਾਂ ਤੋਂ ਉਹਨਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਤੁਹਾਡੀ ਜਾਣਕਾਰੀ ਲਈ ਉਹਨਾਂ ਦੇ ਆਗੂਆਂ ਦੇ ਨਾਮ ਲਿਖ ਸਕੀਏ।

11ਇਹ ਉਹ ਉੱਤਰ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ: “ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ਵਰ ਦੇ ਸੇਵਕ ਹਾਂ, ਅਤੇ ਅਸੀਂ ਉਸ ਭਵਨ ਨੂੰ ਦੁਬਾਰਾ ਬਣਾ ਰਹੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ।

12ਪਰ ਕਿਉਂਕਿ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ਵਰ ਨੂੰ ਨਾਰਾਜ਼ ਕੀਤਾ, ਉਸ ਨੇ ਉਹਨਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਕਸਦੀ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਢਾਹ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਬਾਬੇਲ ਨੂੰ ਲੈ ਗਿਆ।

13“ਪਰ ਬਾਬੇਲ ਦੇ ਰਾਜੇ ਕੋਰਸ਼ ਦੇ ਪਹਿਲੇ ਸਾਲ ਵਿੱਚ, ਰਾਜਾ ਕੋਰਸ਼ ਨੇ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਫ਼ਰਮਾਨ ਜਾਰੀ ਕੀਤਾ।

14ਪਰਮੇਸ਼ਵਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਕੱਢ ਕੇ ਬਾਬੇਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬੇਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮਕ ਇੱਕ ਪੁਰਖ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ,

15ਅਤੇ ਉਸ ਨੇ ਉਸ ਨੂੰ ਆਖਿਆ, ‘ਇਹ ਚੀਜ਼ਾਂ ਲੈ ਜਾ ਅਤੇ ਯੇਰੂਸ਼ਲੇਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ਵਰ ਦੇ ਘਰ ਨੂੰ ਉਸ ਦੇ ਸਥਾਨ ਉੱਤੇ ਦੁਬਾਰਾ ਬਣਾਉ।’

16“ਇਸ ਲਈ ਇਸ ਸ਼ੇਸ਼ਬੱਸਰ ਨੇ ਆ ਕੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਦੀ ਨੀਂਹ ਰੱਖੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ।”

17ਹੁਣ ਜੇ ਰਾਜਾ ਨੂੰ ਚੰਗਾ ਲੱਗੇ, ਤਾਂ ਬਾਬੇਲ ਦੇ ਸ਼ਾਹੀ ਪੁਰਾਲੇਖਾਂ ਵਿੱਚ ਖੋਜ ਕੀਤੀ ਜਾਵੇ ਕਿ ਕੀ ਅਸਲ ਵਿੱਚ ਰਾਜਾ ਕੋਰਸ਼ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਹੁਕਮ ਜਾਰੀ ਕੀਤਾ ਸੀ? ਫ਼ੇਰ ਪਾਤਸ਼ਾਹ ਸਾਨੂੰ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਭੇਜ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.