ਏਜ਼ਰਾ 9

1ਇਹ ਗੱਲਾਂ ਪੂਰੀਆਂ ਹੋਣ ਤੋਂ ਬਾਅਦ, ਆਗੂ ਮੇਰੇ ਕੋਲ ਆਏ ਅਤੇ ਆਖਿਆ, “ਇਸਰਾਏਲ ਦੇ ਲੋਕਾਂ ਨੇ, ਜਾਜਕਾਂ ਅਤੇ ਲੇਵੀਆਂ ਸਮੇਤ, ਆਪਣੇ ਆਪ ਨੂੰ ਗੁਆਂਢੀ ਲੋਕਾਂ ਤੋਂ ਵੱਖ ਨਹੀਂ ਰੱਖਿਆ। ਪਰ ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀ ਅਤੇ ਅਮੋਰੀਆਂ ਦੇ ਘਿਣਾਉਣੇ ਕੰਮ ਦੇ ਅਨੁਸਾਰ ਕੰਮ ਕਰਦੇ ਸਨ।

2ਉਹਨਾਂ ਨੇ ਆਪਣੀਆਂ ਕੁਝ ਧੀਆਂ ਨੂੰ ਆਪਣੇ ਅਤੇ ਆਪਣੇ ਪੁੱਤਰਾਂ ਲਈ ਪਤਨੀਆਂ ਬਣਾ ਲਿਆ ਹੈ ਅਤੇ ਪਵਿੱਤਰ ਜਾਤੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਰਲਾਇਆ ਹੈ ਅਤੇ ਇਸ ਅਪਰਾਧ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ।”

3ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ਼ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ।

4ਤਦ ਹਰ ਕੋਈ ਜੋ ਇਸਰਾਏਲ ਦੇ ਪਰਮੇਸ਼ਵਰ ਦੇ ਬਚਨਾਂ ਤੋਂ ਕੰਬਦਾ ਸੀ, ਗ਼ੁਲਾਮਾਂ ਦੇ ਇਸ ਅਪਰਾਧ ਦੇ ਕਾਰਨ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਮੈਂ ਸ਼ਾਮ ਦੇ ਬਲੀਦਾਨ ਤੱਕ ਘਬਰਾ ਕੇ ਉੱਥੇ ਬੈਠਾ ਰਿਹਾ।

5ਫਿਰ, ਸ਼ਾਮ ਦੇ ਬਲੀਦਾਨ ਦੇ ਸਮੇਂ, ਸ਼ਾਮ ਦੀ ਬਲੀ ਚੜ੍ਹਾਉਣ ਦੇ ਸਮੇਂ, ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ, ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਆਪਣੇ ਪਰਮੇਸ਼ਵਰ ਯਾਹਵੇਹ ਦੇ ਅੱਗੇ ਆਪਣੇ ਹੱਥ ਫੈਲਾਏ।

6ਯਾਹਵੇਹ ਮੇਰੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਰਮੇਸ਼ਵਰ! ਮੈਂ ਆਪਣਾ ਮੂੰਹ ਤੇਰੇ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ਵਰ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ।

7ਸਾਡੇ ਪਿਉ-ਦਾਦਿਆਂ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਾਡਾ ਦੋਸ਼ ਬਹੁਤ ਵੱਡਾ ਹੈ। ਸਾਡੇ ਪਾਪਾਂ ਦੇ ਕਾਰਨ, ਅਸੀਂ ਅਤੇ ਸਾਡੇ ਰਾਜੇ ਅਤੇ ਸਾਡੇ ਜਾਜਕ ਤਲਵਾਰ ਅਤੇ ਗ਼ੁਲਾਮੀ, ਵਿਦੇਸ਼ੀ ਰਾਜਿਆਂ ਦੇ ਹੱਥੋਂ ਲੁੱਟ ਅਤੇ ਅਪਮਾਨ ਦੇ ਅਧੀਨ ਹੋਏ ਹਨ, ਜਿਵੇਂ ਕਿ ਅੱਜ ਹੈ।

8“ਪਰ ਹੁਣ ਕੁਝ ਦਿਨਾਂ ਤੋਂ ਯਾਹਵੇਹ ਸਾਡੇ ਪਰਮੇਸ਼ਵਰ ਦੀ ਦਯਾ ਸਾਡੇ ਉੱਤੇ ਹੋਈ ਹੈ ਅਤੇ ਉਸ ਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ਵਰ ਸਾਡੀਆਂ ਅੱਖਾਂ ਨੂੰ ਰੋਸ਼ਨੀ ਦੇਵੇ ਅਤੇ ਗ਼ੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖ਼ਸ਼ੇ।

9ਭਾਵੇਂ ਅਸੀਂ ਗੁਲਾਮ ਹਾਂ, ਪਰ ਸਾਡੇ ਪਰਮੇਸ਼ਵਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਤਿਆਗਿਆ। ਸਗੋਂ ਉਸ ਨੇ ਫ਼ਾਰਸ ਦੇ ਰਾਜਿਆਂ ਦੇ ਸਾਹਮਣੇ ਸਾਡੇ ਉੱਤੇ ਦਯਾ ਦਿਖਾਈ ਹੈ ਅਤੇ ਉਸ ਨੇ ਸਾਨੂੰ ਸਾਡੇ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਨ ਲਈ ਨਵਾਂ ਜੀਵਨ ਦਿੱਤਾ ਹੈ, ਅਤੇ ਉਸਨੇ ਸਾਨੂੰ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਸੁਰੱਖਿਆ ਦੀ ਕੰਧ ਦਿੱਤੀ ਹੈ।

10“ਪਰ ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ? ਕਿਉਂ ਜੋ ਅਸੀਂ ਉਹਨਾਂ ਹੁਕਮਾਂ ਨੂੰ ਤਿਆਗ ਦਿੱਤਾ ਹੈ

11ਜੋ ਤੂੰ ਆਪਣੇ ਸੇਵਕਾਂ ਨਬੀਆਂ ਦੇ ਰਾਹੀਂ ਦਿੱਤੇ ਸਨ ਜਦੋਂ ਤੂੰ ਆਖਿਆ ਸੀ, ‘ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ।

12ਇਸ ਲਈ ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਦੇ ਪੁੱਤਰਾਂ ਨਾਲ ਨਾ ਕਰਨਾ ਅਤੇ ਨਾ ਹੀ ਉਹਨਾਂ ਦੀਆਂ ਧੀਆਂ ਨੂੰ ਆਪਣੇ ਪੁੱਤਰਾਂ ਲਈ ਲੈਣਾ। ਕਿਸੇ ਵੇਲੇ ਵੀ ਉਹਨਾਂ ਨਾਲ ਦੋਸਤੀ ਦੀ ਸੰਧੀ ਨਾ ਕਰਨਾ, ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓ ਅਤੇ ਆਪਣੇ ਬੱਚਿਆਂ ਨੂੰ ਸਦੀਪਕ ਵਿਰਾਸਤ ਵਜੋਂ ਛੱਡ ਦਿਓ।’

13“ਸਾਡੇ ਨਾਲ ਜੋ ਕੁਝ ਵਾਪਰਿਆ ਹੈ, ਉਹ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦਾ ਨਤੀਜਾ ਹੈ, ਅਤੇ ਫਿਰ ਵੀ, ਹੇ ਸਾਡੇ ਪਰਮੇਸ਼ਵਰ, ਤੂੰ ਸਾਨੂੰ ਸਾਡੇ ਪਾਪਾਂ ਨਾਲੋਂ ਘੱਟ ਸਜ਼ਾ ਦਿੱਤੀ ਹੈ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ।

14ਕੀ ਅਸੀਂ ਫੇਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ?

15ਹੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ, ਤੂੰ ਧਰਮੀ ਹੈ! ਅਸੀਂ ਇਸ ਦਿਨ ਨੂੰ ਬਚੇ ਹੋਏ ਹਾਂ। ਇੱਥੇ ਅਸੀਂ ਆਪਣੇ ਦੋਸ਼ ਵਿੱਚ ਤੁਹਾਡੇ ਸਾਹਮਣੇ ਹਾਂ, ਹਾਲਾਂਕਿ ਇਸਦੇ ਕਾਰਨ ਸਾਡੇ ਵਿੱਚੋਂ ਕੋਈ ਵੀ ਤੁਹਾਡੀ ਹਜ਼ੂਰੀ ਵਿੱਚ ਨਹੀਂ ਖੜਾ ਹੋ ਸਕਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.