9ਭਾਵੇਂ ਅਸੀਂ ਗੁਲਾਮ ਹਾਂ, ਪਰ ਸਾਡੇ ਪਰਮੇਸ਼ਵਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਤਿਆਗਿਆ। ਸਗੋਂ ਉਸ ਨੇ ਫ਼ਾਰਸ ਦੇ ਰਾਜਿਆਂ ਦੇ ਸਾਹਮਣੇ ਸਾਡੇ ਉੱਤੇ ਦਯਾ ਦਿਖਾਈ ਹੈ ਅਤੇ ਉਸ ਨੇ ਸਾਨੂੰ ਸਾਡੇ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਨ ਲਈ ਨਵਾਂ ਜੀਵਨ ਦਿੱਤਾ ਹੈ, ਅਤੇ ਉਸਨੇ ਸਾਨੂੰ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਸੁਰੱਖਿਆ ਦੀ ਕੰਧ ਦਿੱਤੀ ਹੈ।
10“ਪਰ ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ? ਕਿਉਂ ਜੋ ਅਸੀਂ ਉਹਨਾਂ ਹੁਕਮਾਂ ਨੂੰ ਤਿਆਗ ਦਿੱਤਾ ਹੈ
11ਜੋ ਤੂੰ ਆਪਣੇ ਸੇਵਕਾਂ ਨਬੀਆਂ ਦੇ ਰਾਹੀਂ ਦਿੱਤੇ ਸਨ ਜਦੋਂ ਤੂੰ ਆਖਿਆ ਸੀ, ‘ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ।
12ਇਸ ਲਈ ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਦੇ ਪੁੱਤਰਾਂ ਨਾਲ ਨਾ ਕਰਨਾ ਅਤੇ ਨਾ ਹੀ ਉਹਨਾਂ ਦੀਆਂ ਧੀਆਂ ਨੂੰ ਆਪਣੇ ਪੁੱਤਰਾਂ ਲਈ ਲੈਣਾ। ਕਿਸੇ ਵੇਲੇ ਵੀ ਉਹਨਾਂ ਨਾਲ ਦੋਸਤੀ ਦੀ ਸੰਧੀ ਨਾ ਕਰਨਾ, ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓ ਅਤੇ ਆਪਣੇ ਬੱਚਿਆਂ ਨੂੰ ਸਦੀਪਕ ਵਿਰਾਸਤ ਵਜੋਂ ਛੱਡ ਦਿਓ।’
13“ਸਾਡੇ ਨਾਲ ਜੋ ਕੁਝ ਵਾਪਰਿਆ ਹੈ, ਉਹ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦਾ ਨਤੀਜਾ ਹੈ, ਅਤੇ ਫਿਰ ਵੀ, ਹੇ ਸਾਡੇ ਪਰਮੇਸ਼ਵਰ, ਤੂੰ ਸਾਨੂੰ ਸਾਡੇ ਪਾਪਾਂ ਨਾਲੋਂ ਘੱਟ ਸਜ਼ਾ ਦਿੱਤੀ ਹੈ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ।