ਏਜ਼ਰਾ 3

1ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ ਤਾਂ ਲੋਕ ਯੇਰੂਸ਼ਲੇਮ ਵਿੱਚ ਇੱਕਠੇ ਹੋ ਗਏ।

2ਤਦ ਯੇਸ਼ੂਆ ਯੋਸਾਦਾਕ ਦਾ ਪੁੱਤਰ ਅਤੇ ਉਸ ਦੇ ਭਰਾ ਜਾਜਕ ਅਤੇ ਸ਼ਆਲਤੀਏਲ ਦਾ ਪੁੱਤਰ ਜ਼ਰੁੱਬਾਬੇਲ ਤੇ ਉਸ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ਵਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ਵਰ ਦੇ ਦਾਸ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਸੀ।

3ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਡਰਨ ਦੇ ਬਾਵਜੂਦ, ਉਹਨਾਂ ਨੇ ਜਗਵੇਦੀ ਨੂੰ ਇਸ ਦੀ ਨੀਂਹ ਉੱਤੇ ਬਣਾਇਆ ਅਤੇ ਉਸ ਉੱਤੇ ਸਵੇਰ ਅਤੇ ਸ਼ਾਮ ਦੀਆਂ ਬਲੀਆਂ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ।

4ਤਦ ਜੋ ਲਿਖਿਆ ਹੋਇਆ ਹੈ, ਉਹਨਾਂ ਨੇ ਤੰਬੂਆਂ ਦਾ ਪਰਬ ਹਰ ਦਿਨ ਲਈ ਲੋੜੀਂਦੀ ਗਿਣਤੀ ਵਿੱਚ ਹੋਮ ਬਲੀਆਂ ਨਾਲ ਮਨਾਇਆ।

5ਇਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਾਹਵੇਹ ਦੇ ਸਾਰੇ ਠਹਿਰਾਏ ਹੋਏ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਮਨੁੱਖ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਾਹਵੇਹ ਨੂੰ ਚੜ੍ਹਾਉਂਦਾ ਸੀ।

6ਸੱਤਵੇਂ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ, ਭਾਵੇਂ ਕਿ ਅਜੇ ਯਾਹਵੇਹ ਦੇ ਭਵਨ ਦੀ ਨੀਂਹ ਨਹੀਂ ਰੱਖੀ ਗਈ ਸੀ।

7ਤਦ ਉਹਨਾਂ ਨੇ ਰਾਜੇ ਅਤੇ ਤਰਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨ ਅਤੇ ਸੂਰ ਦੇ ਲੋਕਾਂ ਨੂੰ ਖਾਣ-ਪੀਣ ਅਤੇ ਜ਼ੈਤੂਨ ਦਾ ਤੇਲ ਦਿੱਤਾ ਤਾਂ ਜੋ ਉਹ ਲਬਾਨੋਨ ਤੋਂ ਯਾਫਾ ਤੱਕ ਸਮੁੰਦਰ ਦੇ ਰਸਤੇ ਦਿਆਰ ਦੀਆਂ ਲੱਕੜਾਂ ਲਿਆਉਣ, ਜਿਵੇਂ ਕਿ ਫ਼ਾਰਸ ਦੇ ਰਾਜਾ ਕੋਰੇਸ਼ ਦੁਆਰਾ ਅਧਿਕਾਰਤ ਹੈ।

8ਤਦ ਉਹਨਾਂ ਦੇ ਪਰਮੇਸ਼ਵਰ ਦੇ ਭਵਨ ਵਿੱਚ ਜੋ ਯੇਰੂਸ਼ਲੇਮ ਵਿੱਚ ਹੈ ਆ ਪਹੁੰਚਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯੇਰੂਸ਼ਲੇਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲਾਂ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਵਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ।

9ਤਦ ਯੇਸ਼ੂਆ ਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਤੇ ਉਸ ਦੇ ਪੁੱਤਰ ਜਿਹੜੇ ਯਹੂਦਾਹ ਦੀ ਅੰਸ ਤੋਂ ਸਨ ਮਿਲ ਕੇ ਉੱਠੇ ਭਈ ਪਰਮੇਸ਼ਵਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖ ਭਾਲ ਕਰਨ ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਨ੍ਹਾਂ ਦੇ ਨਾਲ ਸਨ।

10ਜਦੋਂ ਰਾਜ ਮਿਸਤਰੀਆਂ ਨੇ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕਾਂ ਨੇ ਆਪਣੇ ਬਸਤਰਾਂ ਅਤੇ ਤੁਰ੍ਹੀਆਂ ਨਾਲ ਅਤੇ ਲੇਵੀਆਂ (ਆਸਾਫ਼ ਦੇ ਪੁੱਤਰਾਂ) ਨੇ ਝਾਂਜਾਂ ਨਾਲ, ਯਾਹਵੇਹ ਦੀ ਉਸਤਤ ਕਰਨ ਲਈ ਆਪਣੇ ਸਥਾਨਾਂ ਨੂੰ ਲੈ ਲਿਆ। ਯਾਹਵੇਹ, ਜਿਵੇਂ ਕਿ ਇਸਰਾਏਲ ਦੇ ਰਾਜਾ ਦਾਵੀਦ ਦੁਆਰਾ ਨਿਰਧਾਰਤ ਕੀਤਾ ਗਿਆ ਹੈ।

11ਉਸਤਤ ਅਤੇ ਧੰਨਵਾਦ ਦੇ ਨਾਲ ਉਨ੍ਹਾਂ ਨੇ ਯਾਹਵੇਹ ਲਈ ਗਾਇਆ: “ਉਹ ਚੰਗਾ ਹੈ; ਇਸਰਾਏਲ ਲਈ ਉਸ ਦਾ ਪਿਆਰ ਸਦਾ ਕਾਇਮ ਰਹੇਗਾ।” ਅਤੇ ਸਾਰੇ ਲੋਕਾਂ ਨੇ ਯਾਹਵੇਹ ਦੀ ਉਸਤਤ ਦਾ ਇੱਕ ਵੱਡਾ ਜੈਕਾਰਾ ਗਜਾਇਆ, ਕਿਉਂਕਿ ਯਾਹਵੇਹ ਦੇ ਘਰ ਦੀ ਨੀਂਹ ਰੱਖੀ ਗਈ ਸੀ।

12ਪਰੰਤੂ ਜਾਜਕਾਂ ਤੇ ਲੇਵੀਆਂ ਤੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਰੱਖੀ ਗਈ ਤਾਂ ਉੱਚੀ-ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ।

13ਕੋਈ ਵੀ ਖੁਸ਼ੀ ਦੀਆਂ ਚੀਕਾਂ ਦੀ ਆਵਾਜ਼ ਨੂੰ ਰੋਣ ਦੀ ਆਵਾਜ਼ ਨਾਲੋਂ ਵੱਖਰਾ ਨਹੀਂ ਕਰ ਸਕਦਾ ਸੀ ਕਿਉਂਕਿ ਲੋਕਾਂ ਨੇ ਬਹੁਤ ਰੌਲਾ ਪਾਇਆ ਸੀ ਅਤੇ ਆਵਾਜ਼ ਦੂਰ ਤੱਕ ਸੁਣਾਈ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.