15ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ। ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ।
16ਅਸੀਂ ਰਾਜੇ ਨੂੰ ਸੂਚਿਤ ਕਰਦੇ ਹਾਂ ਕਿ ਜੇਕਰ ਇਹ ਸ਼ਹਿਰ ਉਸਾਰਿਆ ਜਾਂਦਾ ਹੈ ਅਤੇ ਇਸ ਦੀਆਂ ਕੰਧਾਂ ਨੂੰ ਮੁੜ ਸਥਾਪਿਤ ਕੀਤਾ ਜਾਂਦਾ ਹੈ, ਤਾਂ ਪਾਰ ਫ਼ਰਾਤ ਵਿੱਚ ਤੁਹਾਡਾ ਕੁਝ ਵੀ ਨਹੀਂ ਬਚੇਗਾ।
17ਰਾਜੇ ਨੇ ਇਹ ਉੱਤਰ ਭੇਜਿਆ: ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ, ਨਮਸਕਾਰ।
18ਜੋ ਚਿੱਠੀ ਤੁਸੀਂ ਸਾਨੂੰ ਭੇਜੀ ਹੈ, ਉਹ ਮੇਰੀ ਹਾਜ਼ਰੀ ਵਿੱਚ ਪੜ੍ਹੀ ਅਤੇ ਅਨੁਵਾਦ ਕੀਤੀ ਗਈ ਹੈ।
19ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ।