10ਤਾਂ ਜੋ ਉਹ ਸਵਰਗ ਦੇ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੀਆਂ ਬਲੀਆਂ ਚੜ੍ਹਾਉਣ ਅਤੇ ਰਾਜੇ ਅਤੇ ਉਸ ਦੇ ਪੁੱਤਰਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ।
11ਇਸ ਤੋਂ ਇਲਾਵਾ, ਮੈਂ ਹੁਕਮ ਦਿੰਦਾ ਹਾਂ ਕਿ ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਹਨਾਂ ਨੂੰ ਸੂਲੀ ਉੱਤੇ ਟੰਗਿਆ ਜਾਵੇਗਾ ਅਤੇ ਇਸ ਅਪਰਾਧ ਲਈ ਉਹਨਾਂ ਦੇ ਘਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਜਾਵੇ।
12ਪਰਮੇਸ਼ਵਰ, ਜਿਸ ਨੇ ਆਪਣਾ ਨਾਮ ਉੱਥੇ ਵਸਾਇਆ ਹੈ, ਕਿਸੇ ਵੀ ਰਾਜੇ ਜਾਂ ਲੋਕਾਂ ਨੂੰ ਜੋ ਇਸ ਫ਼ਰਮਾਨ ਨੂੰ ਬਦਲਣ ਲਈ ਜਾਂ ਯੇਰੂਸ਼ਲੇਮ ਵਿੱਚ ਇਸ ਭਵਨ ਨੂੰ ਨਸ਼ਟ ਕਰਨ ਲਈ ਹੱਥ ਉਠਾਉਂਦਾ ਹੈ, ਉਖਾੜ ਸੁੱਟੇ। ਮੈਂ ਦਾਰਾ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਨੂੰ ਲਗਨ ਨਾਲ ਪੂਰਾ ਕੀਤਾ ਜਾਵੇ।
13ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ।
14ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ।