1ਯਾਹਵੇਹ ਯਾਕੋਬ ਉੱਤੇ ਰਹਿਮ ਕਰੇਗਾ; ਇੱਕ ਵਾਰ ਫਿਰ ਉਹ ਇਸਰਾਏਲ ਨੂੰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਵਸਾਏਗਾ। ਪਰਦੇਸੀ ਉਨ੍ਹਾਂ ਵਿੱਚ ਸ਼ਾਮਲ ਹੋਣਗੇ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਨਾਲ ਏਕਤਾ ਕਰਨਗੇ।
2ਕੌਮਾਂ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ। ਅਤੇ ਇਸਰਾਏਲ ਕੌਮਾਂ ਉੱਤੇ ਕਬਜ਼ਾ ਕਰ ਲਵੇਗਾ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਆਪਣੇ ਦਾਸ ਅਤੇ ਦਾਸੀਆਂ ਕਰ ਕੇ ਯਾਹਵੇਹ ਦੀ ਧਰਤੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ। ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।
3ਜਿਸ ਦਿਨ ਯਾਹਵੇਹ ਤੁਹਾਨੂੰ ਤੁਹਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਅਤੇ ਤੁਹਾਡੇ ਕੋਲੋ ਕਰਵਾਈ ਗਈ ਕਠੋਰ ਮਿਹਨਤ ਤੋਂ ਛੁਟਕਾਰਾ ਦੇਵੇਗਾ,
4ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ: ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ! ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!
5ਯਾਹਵੇਹ ਨੇ ਦੁਸ਼ਟਾਂ ਦੀ ਲਾਠੀ, ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,