18ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ; ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ। ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ। ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!
19ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।
20ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।
21ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”
22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਅਤੇ ਸੋਨੇ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਦੀ ਬੇਅਦਬੀ ਕਰੋਗੇ। ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, “ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!”