1ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ, ਜੋ ਘੋੜਿਆਂ ਉੱਤੇ ਆਸ ਰੱਖਦੇ ਹਨ, ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨ ਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨ ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ, ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।
2ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ। ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ, ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।
3ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ, ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ। ਜਦ ਯਾਹਵੇਹ ਆਪਣਾ ਹੱਥ ਚੁੱਕੇਗਾ, ਸਹਾਇਤਾ ਕਰਨ ਵਾਲੇ ਠੋਕਰ ਖਾਣਗੇ, ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ, ਸਭ ਇਕੱਠੇ ਨਾਸ ਹੋ ਜਾਣਗੇ।
4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ, “ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।