21“ਹੇ ਯਾਕੋਬ, ਇਹ ਗੱਲਾਂ ਚੇਤੇ ਰੱਖ, ਹੇ ਇਸਰਾਏਲ, ਤੂੰ ਮੇਰਾ ਸੇਵਕ ਜੋ ਹੈ, ਮੈਂ ਤੈਨੂੰ ਬਣਾਇਆ ਹੈ, ਤੂੰ ਮੇਰਾ ਸੇਵਕ ਹੈ। ਹੇ ਇਸਰਾਏਲ, ਮੈਂ ਤੈਨੂੰ ਨਹੀਂ ਭੁੱਲਾਂਗਾ।
22ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ, ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ। ਮੇਰੇ ਕੋਲ ਵਾਪਸ ਆ, ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।”
23ਹੇ ਅਕਾਸ਼ੋਂ, ਖੁਸ਼ੀ ਦੇ ਗੀਤ ਗਾਓ ਕਿਉਂਕਿ ਯਾਹਵੇਹ ਨੇ ਇਹ ਕੀਤਾ ਹੈ; ਹੇ ਧਰਤੀ ਹੇਠਲੇ ਸਥਾਨੋਂ, ਉੱਚੀ ਆਵਾਜ਼ ਵਿੱਚ ਬੋਲੋ। ਹੇ ਪਹਾੜੋ ਖੁੱਲ੍ਹ ਕੇ ਜੈ-ਜੈਕਾਰ ਕਰੋ, ਹੇ ਜੰਗਲ ਅਤੇ ਉਸਦੇ ਸਾਰੇ ਰੁੱਖ, ਗੀਤ ਗਾਓ, ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਛੁਡਾਇਆ ਹੈ, ਉਹ ਇਸਰਾਏਲ ਵਿੱਚ ਆਪਣੀ ਮਹਿਮਾ ਪ੍ਰਗਟ ਕਰਦਾ ਹੈ।
24“ਯਾਹਵੇਹ ਇਹੀ ਆਖਦਾ ਹੈ, ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ: ਮੈਂ ਯਾਹਵੇਹ ਹਾਂ, ਸਭਨਾਂ ਵਸਤਾਂ ਦਾ ਸਿਰਜਣਹਾਰ, ਜਿਹੜਾ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਆਪਣੇ ਆਪ ਤੋਂ ਧਰਤੀ ਨੂੰ ਫੈਲਾਉਂਦਾ ਹੈ,
25ਜੋ ਝੂਠੇ ਨਬੀਆਂ ਦੀਆਂ ਨਿਸ਼ਾਨੀਆਂ ਨੂੰ ਨਾਕਾਮ ਕਰਦਾ ਹੈ ਅਤੇ ਭਵਿੱਖ ਦੱਸਣ ਵਾਲਿਆ ਨੂੰ ਮੂਰਖ ਬਣਾਉਂਦਾ ਹੈ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ,