7ਇਹ ਹੈ ਜੋ ਯਾਹਵੇਹ ਆਖਦਾ ਹੈ, ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ, ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ, ਹਾਕਮਾਂ ਦੇ ਸੇਵਕ ਨੂੰ: “ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ, ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ, ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”
8ਇਹੀ ਹੈ ਜੋ ਯਾਹਵੇਹ ਆਖਦਾ ਹੈ: “ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ; ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ, ਦੇਸ ਨੂੰ ਮੁੜ ਬਹਾਲ ਕਰਾਂਗਾ ਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,
9ਕੈਦੀਆਂ ਨੂੰ ਆਖ, ‘ਬਾਹਰ ਆ ਜਾਓ!’ ਅਤੇ ਜਿਹੜੇ ਹਨੇਰੇ ਵਿੱਚ ਹਨ, ‘ਅਜ਼ਾਦ ਹੋ ਜਾਓ!’ “ਉਹ ਸੜਕਾਂ ਦੇ ਕਿਨਾਰੇ ਚਰਨਗੇ ਅਤੇ ਹਰ ਬੰਜਰ ਪਹਾੜੀ ਉੱਤੇ ਚਰਾਗਾਹ ਲੱਭਣਗੇ।
10ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ, ਨਾ ਉਜਾੜ ਦੀ ਤਪਸ਼ ਅਤੇ ਨਾ ਸੂਰਜ ਦੀ ਗਰਮੀ ਉਨ੍ਹਾਂ ਉੱਤੇ ਡਿੱਗੇਗਾ। ਜਿਹੜਾ ਉਨ੍ਹਾਂ ਉੱਤੇ ਦਇਆ ਕਰਦਾ ਹੈ ਉਹ ਉਨ੍ਹਾਂ ਦੀ ਅਗਵਾਈ ਕਰੇਗਾ ਅਤੇ ਉਨ੍ਹਾਂ ਨੂੰ ਪਾਣੀ ਦੇ ਚਸ਼ਮੇ ਕੋਲ ਲੈ ਜਾਵੇਗਾ।
11ਮੈਂ ਆਪਣੇ ਸਾਰੇ ਪਹਾੜਾਂ ਨੂੰ ਸੜਕਾਂ ਬਣਾ ਦਿਆਂਗਾ, ਅਤੇ ਮੇਰੇ ਮਾਰਗ ਉੱਚੇ ਕੀਤੇ ਜਾਣਗੇ।