16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ ਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ, ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਿਸ ਨੇ ਧਰਤੀ ਦੀ ਨੀਂਹ ਰੱਖੀ, ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”
17ਜਾਗੋ, ਜਾਗੋ! ਹੇ ਯੇਰੂਸ਼ਲੇਮ, ਜਾਗ ਉੱਠ, ਤੂੰ ਜਿਸ ਨੇ ਯਾਹਵੇਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ।
18ਸਾਰੇ ਬੱਚਿਆਂ ਵਿੱਚ ਉਸ ਨੇ ਜਨਮ ਲਿਆ ਉਸ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਸਾਰੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਉਸਨੇ ਪਾਲਿਆ ਕੋਈ ਵੀ ਉਸਦਾ ਹੱਥ ਫੜਨ ਵਾਲਾ ਨਹੀਂ ਸੀ।
19ਇਹ ਦੋ ਬਿਪਤਾਵਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20ਤੁਹਾਡੇ ਬੱਚੇ ਬੇਹੋਸ਼ ਹੋ ਗਏ ਹਨ; ਉਹ ਹਰ ਗਲੀ ਦੇ ਕੋਨੇ ਉੱਤੇ ਡਿੱਗੇ ਪਏ ਹਨ, ਜਾਲ ਵਿੱਚ ਫਸੇ ਹਿਰਨ ਵਾਂਗ ਹਨ। ਉਹ ਯਾਹਵੇਹ ਦੇ ਕ੍ਰੋਧ ਨਾਲ ਭਰੇ ਹੋਏ ਹਨ, ਤੁਹਾਡੇ ਪਰਮੇਸ਼ਵਰ ਦੀ ਝਿੜਕ ਨਾਲ ਭਰੇ ਹੋਏ ਹਨ।