3ਇਸ ਲਈ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਹੇਬਰੋਨ ਦੇ ਰਾਜਾ ਹੋਹਾਮ, ਯਰਮੂਥ ਦੇ ਰਾਜਾ ਪੀਰਾਮ, ਲਾਕੀਸ਼ ਦੇ ਰਾਜਾ ਯਾਫ਼ੀਆ ਅਤੇ ਅਗਲੋਨ ਦੇ ਰਾਜਾ ਦਬੀਰ ਨੂੰ ਬੇਨਤੀ ਕੀਤੀ।
4“ਉੱਪਰ ਆਓ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਮੇਰੀ ਮਦਦ ਕਰੋ, ਕਿਉਂਕਿ ਉਸ ਨੇ ਯੇਹੋਸ਼ੁਆ ਅਤੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ ਹੈ।”
5ਫ਼ੇਰ ਅਮੋਰੀਆਂ ਦੇ ਪੰਜ ਰਾਜੇ, ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਫ਼ੌਜਾਂ ਵਿੱਚ ਸ਼ਾਮਲ ਹੋ ਗਏ। ਉਹ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ ਚੜ੍ਹੇ ਅਤੇ ਗਿਬਓਨ ਦੇ ਵਿਰੁੱਧ ਮੋਰਚਾ ਸੰਭਾਲਿਆ ਅਤੇ ਉਸ ਉੱਤੇ ਹਮਲਾ ਕੀਤਾ।
6ਫਿਰ ਗਿਬਓਨੀਆਂ ਨੇ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਨੂੰ ਸੁਨੇਹਾ ਭੇਜਿਆ ਕਿ “ਆਪਣੇ ਸੇਵਕਾਂ ਨੂੰ ਨਾ ਛੱਡੋ। ਜਲਦੀ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ! ਸਾਡੀ ਮਦਦ ਕਰੋ, ਕਿਉਂਕਿ ਪਹਾੜੀ ਦੇਸ਼ ਦੇ ਸਾਰੇ ਅਮੋਰੀ ਰਾਜੇ ਸਾਡੇ ਵਿਰੁੱਧ ਇਕੱਠੇ ਹੋ ਗਏ ਹਨ।”
7ਇਸ ਲਈ ਯੇਹੋਸ਼ੁਆ ਨੇ ਆਪਣੀ ਸਾਰੀ ਸੈਨਾ ਸਮੇਤ ਸਭ ਵਧੀਆ ਲੜਾਕੂਆਂ ਸਮੇਤ ਗਿਲਗਾਲ ਤੋਂ ਕੂਚ ਕੀਤਾ।